ਪਾਕਿਸਤਾਨ ਵਿਸਾਖੀ ਮਨਾਉਣ ਗਏ ਸਿੱਖ ਬਜ਼ੁਰਗ ਦੀ ਮੌਤ, ਜਿੱਥੇ ਲਿਆ ਜਨਮ, ਓਥੇ ਹੀ ਲਿਆ ਆਖਰੀ ਸਾਹ
ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਿਸ਼ਾਬਰ ਸਿੰਘ (83) ਵਾਸੀ ਘਰੌਂਡਾ, ਕਰਨਾਲ, ਹਰਿਆਣਾ ਵਜੋਂ ਹੋਈ ਹੈ।
ਕਰਨਾਲ: ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਿਸ਼ਾਬਰ ਸਿੰਘ (83) ਵਾਸੀ ਘਰੌਂਡਾ, ਕਰਨਾਲ, ਹਰਿਆਣਾ ਵਜੋਂ ਹੋਈ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਨਿਸ਼ਾਬਰ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤੀ ਗਈ ਹੈ।
ਦੱਸ ਦਈਏ ਕਿ ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਪ੍ਰੈਲ ਨੂੰ ਹੀ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਕੀਤਾ ਗਿਆ ਸੀ। ਇਸ ਜੱਥੇ ਵਿੱਚ ਕੁੱਲ 705 ਸ਼ਰਧਾਲੂ ਸ਼ਾਮਲ ਸਨ, ਜਦਕਿ ਕੁੱਲ 900 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ। ਇਹ ਜਥਾ 14 ਅਪ੍ਰੈਲ ਯਾਨੀ ਅੱਜ ਤੱਕ ਸ੍ਰੀ ਪੰਜਾ ਸਾਹਿਬ ਵਿਖੇ ਠਹਿਰਿਆ ਹੋਇਆ ਸੀ।
ਇਸ ਤੋਂ ਬਾਅਦ ਜਥੇ ਨੇ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣਾ ਸੀ ਪਰ ਸ੍ਰੀ ਪੰਜਾ ਸਾਹਿਬ ਵਿਖੇ 13 ਅਪ੍ਰੈਲ ਦੀ ਸਵੇਰ ਨੂੰ ਨਿਸ਼ਾਬਰ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੇ ਕੁਝ ਮਿੰਟਾਂ ਵਿੱਚ ਹੀ ਆਖਰੀ ਸਾਹ ਲਿਆ। ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੂਰੇ ਸਨਮਾਨ ਨਾਲ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਗਿਆ।
ਜਿੱਥੇ ਜਨਮ ਲਿਆ, ਉੱਥੇ ਹੀ ਆਖਰੀ ਸਾਹ ਲਿਆ
ਨਿਸ਼ਾਬਰ ਸਿੰਘ ਨੇ ਆਖ਼ਰੀ ਸਾਹ ਉਸੇ ਸਥਾਨ 'ਤੇ ਲਿਆ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਨਿਸ਼ਾਬਰ ਦੇ ਪਾਸਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਜਨਮ 1939 ਵਿੱਚ ਅਮੋਕੇ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ ਪਰ ਵੰਡ ਤੋਂ ਬਾਅਦ ਉਹ ਭਾਰਤ ਆ ਗਿਆ ਤੇ ਪਰਿਵਾਰ ਸਮੇਤ ਕਰਨਾਲ ਵਿੱਚ ਵੱਸ ਗਿਆ ਪਰ ਹੁਣ ਉਸ ਦੇ ਆਖਰੀ ਸਾਹ ਵੀ ਉਸੇ ਥਾਂ, (ਪਾਕਿਸਤਾਨ ਵਿੱਚ ਪੰਜਾਬ) ਵਿੱਚ ਨਿਕਲੇ, ਜਿੱਥੇ ਉਸ ਦਾ ਜਨਮ ਹੋਇਆ ਸੀ।
ਇਹ ਵੀ ਪੜ੍ਹੋ : ਈਡੀ ਨੇ CM ਚੰਨੀ 'ਤੇ ਕਸਿਆ ਸ਼ਿਕੰਜਾ, ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਜਾਰੀ ਕੀਤਾ ਸੰਮਨ