ਯੂਪੀ ਗੇਟ 'ਤੇ ਟਿਕੈਤ ਦਾ ਵੱਡਾ ਐਕਸ਼ਨ, ਅਫਸਰਾਂ ਨੂੰ ਪਈਆਂ ਭਾਜੜਾਂ
ਮੰਗਲਵਾਰ ਨੂੰ ਧਰਨੇ ਵਾਲੀ ਥਾਂ 'ਤੇ ਇੱਟ ਸੁਟਵਾਈ ਗਈ। ਸੂਚਨਾ ਮਿਲਦੇ ਹੀ ਸਥਾਨਕ ਐਸਡੀਐਮ ਸ਼ੈਲੇਂਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਉੱਤਰ ਪ੍ਰਦੇਸ਼ ਬਾਰਡਰ 'ਤੇ ਕੀਤੀ ਮੋਰਚਾਬੰਦੀ ਵਾਲੇ ਥਾਂ 'ਤੇ ਭਾਰੀ ਮਾਤਰਾ ਵਿੱਚ ਇੱਟਾਂ ਮੰਗਵਾ ਲਈਆਂ ਹਨ। ਇੱਟਾਂ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਅਧਿਕਾਰੀਆਂ ਦੇ ਕੰਨ ਖੜ੍ਹੇ ਹੋ ਗਏ। ਉਨ੍ਹਾਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਕਿਸਾਨਾਂ ਨੇ ਦੱਸਿਆ ਕਿ ਇਹ ਇੱਟਾਂ ਪਖ਼ਾਨਿਆਂ ਦੀ ਉਸਾਰੀ ਲਈ ਵਰਤੀਆਂ ਜਾਣੀਆਂ ਹਨ।
ਪ੍ਰਸ਼ਾਸਨ ਨੂੰ ਖ਼ਦਸ਼ਾ ਸੀ ਕਿ ਸਿੰਘੂ ਬਾਰਡਰ ਦੀ ਤਰਜ਼ 'ਤੇ ਯੂਪੀ ਗੇਟ 'ਤੇ ਵੀ ਕਿਸਾਨ ਪੱਕੇ ਘਰ ਬਣਾ ਸਕਦੇ ਹਨ। ਪਰ ਕਿਸਾਨਾਂ ਦਾ ਪਲਾਨ ਜਾਣ ਕੇ ਪ੍ਰਸ਼ਾਸਨ ਨੇ ਨਰੇਸ਼ ਟਿਕੈਤ ਦੀ ਅਗਵਾਈ ਵਾਲੇ ਯੂਪੀ ਗੇਟ 'ਤੇ ਵਾਧੂ ਮੋਬਾਈਲ ਟਾਇਲਟ ਦਾ ਪ੍ਰਬੰਧ ਕਰ ਦਿੱਤਾ। ਇਸ ਮਗਰੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਪੱਕੇ ਨਿਰਮਾਣ ਤੋਂ ਇਨਕਾਰ ਕਰ ਦਿੱਤਾ। ਪਰ ਪੁਲਿਸ ਤੇ ਖ਼ੁਫ਼ੀਆ ਤੰਤਰ ਲਗਾਤਾਰ ਇਸ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਯੂਪੀ ਦੇ ਗੇਟ 'ਤੇ ਧਰਨਾ ਲਗਾਤਾਰ ਜਾਰੀ ਹੈ। ਇਸੇ ਦਰਮਿਆਨ ਮੰਗਲਵਾਰ ਨੂੰ ਧਰਨੇ ਵਾਲੀ ਥਾਂ 'ਤੇ ਇੱਟ ਸੁਟਵਾਈ ਗਈ। ਸੂਚਨਾ ਮਿਲਦੇ ਹੀ ਸਥਾਨਕ ਐਸਡੀਐਮ ਸ਼ੈਲੇਂਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਮੋਬਾਈਲ ਟਾਇਲਟ ਪਾਣੀ ਨਾਲ ਭਰ ਗਏ ਹਨ ਅਤੇ ਉਹ ਇੱਟਾਂ ਨਾਲ ਹੋਰ ਪਖ਼ਾਨੇ ਬਣਾਉਣਗੇ। ਪਰ ਪ੍ਰਸ਼ਾਸਨ ਨੇ ਚੱਕਵੇਂ ਪਖ਼ਾਨਿਆਂ ਦਾ ਪ੍ਰਬੰਧ ਕਰਨ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਇੱਟ ਵਾਪਸ ਕਰਨ ਦੀ ਗੱਲ ਮੰਨ ਲਈ।
ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਕਿਸੇ ਵੀ ਕਿਸਮ ਦੀ ਪੱਕੀ ਉਸਾਰੀ ਨਹੀਂ ਕੀਤੀ ਜਾਵੇਗੀ। ਬਲਕਿ ਚੱਕਵੇਂ ਪਖ਼ਾਨਿਆਂ ਨੂੰ ਉੱਚੀ ਥਾਂ ਰੱਖਣ ਲਈ ਇੱਟਾਂ ਲਿਆਂਦੀਆਂ ਗਈਆਂ ਸਨ। ਦੱਸਣਾ ਬਣਦਾ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਿੰਘੂ ਤੇ ਟਿਕਰੀ ਬਾਰਡਰ 'ਤੇ ਪੱਕੇ ਮਕਾਨਾਂ ਦਾ ਨਿਰਮਾਣ ਕਰ ਲਿਆ ਸੀ।