ਕਿਸਾਨਾਂ ਦੇ ਚੱਕਰਵਿਊ 'ਚ ਬੁਰੀ ਤਰ੍ਹਾਂ ਘਿਰੀ ਬੀਜੇਪੀ, ਹੁਣ ਮੋਦੀ ਦੇ ਗੜ੍ਹ 'ਤੇ ਧਾਵੇ ਦੀ ਤਿਆਰੀ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ 4 ਮਹੀਨੇ ਤੋਂ ਕਿਸਾਨ ਡਟੇ ਹੋਏ ਹਨ। ਇਸ ਦੌਰਾਨ ਅੰਦੋਲਨ ਨੂੰ ਪੂਰੇ ਦੇਸ਼ 'ਚ ਖੜ੍ਹਾ ਕਰਨ ਲਈ ਕਿਸਾਨ ਆਗੂਆਂ ਵੱਲੋਂ ਲਗਾਤਾਰ ਵੱਖ-ਵੱਖ ਸੂਬਿਆਂ 'ਚ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ 4 ਮਹੀਨੇ ਤੋਂ ਕਿਸਾਨ ਡਟੇ ਹੋਏ ਹਨ। ਇਸ ਦੌਰਾਨ ਅੰਦੋਲਨ ਨੂੰ ਪੂਰੇ ਦੇਸ਼ 'ਚ ਖੜ੍ਹਾ ਕਰਨ ਲਈ ਕਿਸਾਨ ਆਗੂਆਂ ਵੱਲੋਂ ਲਗਾਤਾਰ ਵੱਖ-ਵੱਖ ਸੂਬਿਆਂ 'ਚ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਅੰਦੋਲਨ 'ਚ ਸਭ ਤੋਂ ਵੱਡਾ ਚਿਹਰਾ ਬਣ ਕੇ ਉੱਭਰੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਆਰ-ਪਾਰ ਦੀ ਲੜਾਈ ਲਈ ਉਨ੍ਹਾਂ ਦੇ ਜੱਦੀ ਸੂਬੇ ਗੁਜਰਾਤ 'ਚ ਧਾਵਾ ਬੋਲ ਦਿੱਤਾ ਹੈ।
ਗੁਜਰਾਤ ਤੇ ਉੱਤਰ ਪ੍ਰਦੇਸ਼ ਸਮੇਤ 7 ਸੂਬਿਆਂ 'ਚ ਅਗਲੇ ਸਾਲ 2022 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ 'ਚ ਪੰਜਾਬ, ਉਤਰਾਖੰਡ, ਗੋਆ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਹਨ। ਗੁਜਰਾਤ ਦੀਆਂ ਸਥਾਨਕ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਵਿਧਾਨ ਸਭਾ ਚੋਣਾਂ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।
ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੇ ਭਾਜਪਾ ਪੱਛਮੀ ਬੰਗਾਲ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰਦੀ ਹੈ ਤਾਂ ਇਸ ਨਾਲ ਕਿਸਾਨ ਅੰਦੋਲਨ 'ਤੇ ਕਾਫ਼ੀ ਅਸਰ ਪਵੇਗਾ। ਇਸੇ ਕਾਰਨ ਕਿਸਾਨ ਅੰਦੋਲਨ 'ਚ ਸ਼ਾਮਲ ਰਾਕੇਸ਼ ਟਿਕੈਤ ਸਮੇਤ ਹੋਰ ਕਈ ਆਗੂ ਬੰਗਾਲ ਤੇ ਹੋਰ ਸੂਬਿਆਂ 'ਚ ਲੋਕਾਂ ਨੂੰ ਭਾਜਪਾ ਦੇ ਪੱਖ 'ਚ ਵੋਟਾਂ ਨਾ ਪਾਉਣ ਦੀ ਅਪੀਲ ਕਰ ਰਹੇ ਹਨ।
ਹਾਲਾਂਕਿ ਭਾਜਪਾ ਆਗੂਆਂ ਅਨੁਸਾਰ ਪਿਛਲੀਆਂ ਸਥਾਨਕ ਸੰਸਥਾਵਾਂ ਚੋਣਾਂ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਇਹ ਸਬੂਤ ਹੈ ਕਿ ਕਿਸਾਨ ਇਨ੍ਹਾਂ ਤਿੰਨ ਖੇਤੀ ਬਿੱਲਾਂ ਦੀ ਹਮਾਇਤ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਕਈ ਸੂਬਿਆਂ 'ਚ ਆਪਣੀ ਜ਼ਮੀਨ ਖਿਸਕਦੀ ਵੀ ਨਜ਼ਰ ਆ ਰਹੇ ਹੈ, ਜਿਸ ਕਾਰਨ ਉਨ੍ਹਾਂ 'ਚ ਭਾਰੀ ਰੋਸ ਵੀ ਹੈ।
ਇਸ ਗੁੱਸੇ ਦਾ ਸਬੂਤ ਬੀਤੇ ਸ਼ੁੱਕਰਵਾਰ (26 ਮਾਰਚ) ਨੂੰ ਗੁਜਰਾਤ ਦੇ ਅਹਿਮਦਾਬਾਦ 'ਚ ਵੇਖਣ ਨੂੰ ਮਿਲਿਆ, ਜਦੋਂ ਕਿਸਾਨ ਮੋਰਚਾ ਵੱਲੋਂ ਦੇਸ਼ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ ਸੀ ਤਾਂ ਉਦੋਂ ਬੀਕੇਯੂ ਦੇ ਜਨਰਲ ਸੱਕਤਰ ਯੁੱਧਵੀਰ ਸਿੰਘ ਨੂੰ ਅਹਿਮਦਾਬਾਦ ਸ਼ਹਿਰ ਦੀ ਪੁਲਿਸ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਜ਼ਬਰੀ ਚੁੱਕ ਲਿਆ ਸੀ। ਇਸ ਕਾਰਵਾਈ ਇਸ ਗੱਲ ਦਾ ਸੰਕੇਦ ਦੇ ਰਹੀ ਹੈ ਕਿ ਸੂਬੇ ਦੀ ਸੱਤਾਧਾਰੀ ਪਾਰਟੀ 'ਚ ਬੇਚੈਨੀ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰੋਗਰਾਮ ਅਨੁਸਾਰ ਰਾਕੇਸ਼ ਟਿਕੈਤ 5 ਤੇ 6 ਅਪ੍ਰੈਲ ਨੂੰ ਗੁਜਰਾਤ ਦੇ ਪਾਲਣਪੁਰ ਤੇ ਬਾਰਦੋਲੀ 'ਚ 'ਕਿਸਾਨ ਸੰਵਾਦ' 'ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਉਹ ਮੰਦਰਾਂ, ਗੁਰਦੁਆਰਿਆਂ ਤੇ ਗਾਂਧੀ ਆਸ਼ਰਮ ਵੀ ਜਾਣਗੇ। ਦੱਸ ਦੇਈਏ ਕਿ ਰਾਕੇਸ਼ ਟਿਕੈਤ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦਾ ਵੱਡੀ ਗਿਣਤੀ 'ਚ ਸਮਰਥਨ ਮਿਲ ਰਿਹਾ ਹੈ।