Farmers Protest: ਕਿਸਾਨ ਫਿਰ ਕਰਨਗੇ ਦਿੱਲੀ ਕੂਚ? ਕੌਮੀ ਪੱਧਰ ਦੀ ਮੀਟਿੰਗ ਅੱਜ, ਕੱਲ੍ਹ ਲਿਆ ਜਾਏਗਾ ਅੰਤਿਮ ਫੈਸਲਾ
Farmers Protest: ਪੰਜਾਬ ਦੇ ਕਿਸਾਨ 15 ਦਿਨ ਤੋਂ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਡਟੇ ਹੋਏ ਹਨ। ਬੇਸ਼ੱਕ ਕਿਸਾਨਾਂ ਨੇ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ ਪਰ ਦੋਵਾਂ ਥਾਵਾਂ ਉਪਰ ਵੱਡੀ ਗਿਣਤੀ
Farmers Protest: ਪੰਜਾਬ ਦੇ ਕਿਸਾਨ 15 ਦਿਨ ਤੋਂ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰਾਂ 'ਤੇ ਡਟੇ ਹੋਏ ਹਨ। ਬੇਸ਼ੱਕ ਕਿਸਾਨਾਂ ਨੇ ਦਿੱਲੀ ਕੂਚ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ ਪਰ ਦੋਵਾਂ ਥਾਵਾਂ ਉਪਰ ਵੱਡੀ ਗਿਣਤੀ ਕਿਸਾਨ ਧਰਨਾ ਲਾਈ ਬੈਠੇ ਹਨ। ਹੁਣ ਕਿਸਾਨ 28 ਫਰਵਰੀ ਨੂੰ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਹਾਸਲ ਜਾਣਕਾਰੀ ਮੁਤਾਬਕ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅੱਜ ਰਾਸ਼ਟਰੀ ਪੱਧਰ ਦੀ ਮੀਟਿੰਗ ਕਰਨਗੇ। ਇਸ ਵਿੱਚ ਦਿੱਲੀ ਮਾਰਚ ਬਾਰੇ ਚਰਚਾ ਕੀਤੀ ਜਾਵੇਗੀ। ਦਿੱਲੀ ਮਾਰਚ ਬਾਰੇ ਅੰਤਿਮ ਫੈਸਲਾ 28 ਫਰਵਰੀ ਨੂੰ ਲਿਆ ਜਾਵੇਗਾ।
ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਸਰਵਨ ਪੰਧੇਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਹਨ ਕਿ ਹਰਿਆਣਾ ਪੁਲਿਸ ਖਿਲਾਫ ਐਫਆਈਆਰ ਨੂੰ ਲੈ ਕੇ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਟੁੱਟੀ ਹੈ ਪਰ, ਅਜਿਹਾ ਨਹੀਂ ਹੈ। ਅਸਲ ਵਿੱਚ ਠੇਕਾ ਅਧਾਰਤ ਖੇਤੀ ਦੇ ਪ੍ਰਸਤਾਵ ਕਰਕੇ ਗੱਲਬਾਤ ਟੁੱਟੀ ਹੈ। ਅਸੀਂ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਾਂ। ਇਸ ਕਾਰਨ ਗੱਲਬਾਤ ਵਿੱਚ ਅੜਿੱਕਾ ਪੈਦਾ ਹੋਇਆ ਹੈ।
ਪੰਧੇਰ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਅੰਦੋਲਨ ਨੂੰ ਦੇਸ਼ ਭਰ ਵਿੱਚ ਸਮਰਥਨ ਮਿਲਿਆ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਦਿਵਾਸੀਆਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਅੰਦੋਲਨ ਦੀ ਹਮਾਇਤ ਵਿੱਚ 26 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ (SKM) ਨੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ। ਅੰਦੋਲਨਕਾਰੀ ਜਥੇਬੰਦੀਆਂ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਪੁਤਲੇ ਫੂਕੇ।
ਇਸ ਦੇ ਨਾਲ ਹੀ ਖਨੌਰੀ ਸਰਹੱਦ 'ਤੇ ਜ਼ਖਮੀ ਹੋਏ ਕਿਸਾਨ ਪ੍ਰਿਤਪਾਲ ਸਿੰਘ ਸਬੰਧੀ ਸੋਮਵਾਰ ਨੂੰ ਹਾਈਕੋਰਟ 'ਚ ਸੁਣਵਾਈ ਹੋਈ। ਇਸ ਵਿੱਚ ਹਰਿਆਣਾ ਪੁਲਿਸ ਨੇ ਪ੍ਰਿਤਪਾਲ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਤੋਂ ਇਨਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਪ੍ਰਿਤਪਾਲ ਕਿਸਾਨਾਂ ਤੇ ਪੁਲਿਸ ਝੜਪ ਦੌਰਾਨ ਹਰਿਆਣਾ ਸਰਹੱਦ 'ਤੇ ਡਿੱਗਿਆ ਪਿਆ ਸੀ। ਉਸ ਨੂੰ ਇਲਾਜ ਲਈ ਰੋਹਤਕ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਈਕੋਰਟ ਨੇ ਰੋਹਤਕ ਪੀਜੀਆਈ ਤੋਂ 28 ਫਰਵਰੀ ਨੂੰ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਮੰਗੀ ਹੈ।
ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਦਿੱਲੀ ਕੂਚ ਮੁਲਤਵੀ ਕਰਨ ਤੋਂ ਬਾਅਦ ਹਰਿਆਣਾ ਵਿੱਚ ਸੜਕਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲਾਂ, ਦਿੱਲੀ ਪੁਲਿਸ ਨੇ ਹਰਿਆਣਾ ਨਾਲ ਲੱਗਦੇ ਸਿੰਘੂ ਤੇ ਟਿੱਕਰੀ ਸਰਹੱਦਾਂ ਨੂੰ ਅਸਥਾਈ ਤੌਰ 'ਤੇ ਖੋਲ੍ਹਿਆ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਦਿੱਲੀ ਤੋਂ ਚੰਡੀਗੜ੍ਹ ਜਾਣ ਲਈ ਕੁਰੂਕਸ਼ੇਤਰ ਵਿੱਚ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਦੀ ਸਰਵਿਸ ਰੋਡ ਨੂੰ ਖੋਲ੍ਹ ਦਿੱਤੀ ਹੈ। ਇੱਥੇ ਲਗਾਏ ਗਏ ਸੀਮਿੰਟ ਦੀ ਬੈਰੀਕੇਡਿੰਗ ਨੂੰ ਜੇਸੀਬੀ ਨਾਲ ਹਟਾ ਦਿੱਤਾ ਗਿਆ ਹੈ।