26 ਮਈ ਦੇ ਕਾਲੇ ਦਿਵਸ ਨੂੰ ਹੁੰਗਾਰੇ ਮਗਰੋਂ ਕਿਸਾਨਾਂ ਦੇ ਹੌਸਲੇ ਬੁਲੰਦ, ਅੱਜ ਨੋਇਡਾ 'ਚ ਕੀਤਾ ਵੱਡਾ ਐਕਸ਼ਨ
ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਗੌਤਮ ਬੁੱਧ ਨਗਰ ਵਿੱਚ ਬੀਤੀ ਸ਼ਾਮ ਤੋਂ ਪੁੱਜਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਕੁਝ ਕਿਸਾਨ ਆਗੂਆਂ ਨੂੰ ਦੇਰ ਰਾਤ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਪਰ ਕਿਸਾਨ ਨਹੀਂ ਮੰਨੇ ਤੇ ਮੁੜ ਧਰਨਾ ਸਥਾਨ ’ਤੇ ਆ ਕੇ ਪ੍ਰਦਰਸ਼ਨ ਕੀਤਾ।
ਨੋਇਡਾ: ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਨੂੰ ਹੋਰ ਮਘਾ ਲਿਆ ਹੈ। 26 ਮਈ ਨੂੰ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਣ ਦੇ ਸੱਦੇ ਨੂੰ ਮਿਲੇ ਹੁੰਗਾਰੇ ਮਗਰੋਂ ਕਿਸਾਨ ਮੁੜ ਮੋਸ਼ਨ ਵਿੱਚ ਆ ਗਏ ਹਨ। ਅੱਜ ਨੋਇਡਾ ਦੇ ਜੇਵਰ ਟੌਲ ਪਲਾਜ਼ਾ ’ਤੇ ਵੱਡੀ ਗਿਣਤੀ ਕਿਸਾਨਾਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਕਾਰਨ ਯਮੁਨਾ ਐਕਸਪ੍ਰੈਸਵੇਅ ’ਤੇ ਇੱਕ ਪਾਸੇ ਆਵਾਜਾਈ ਪ੍ਰਭਾਵਿਤ ਹੋਈ।
ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨ ਗੌਤਮ ਬੁੱਧ ਨਗਰ ਵਿੱਚ ਬੀਤੀ ਸ਼ਾਮ ਤੋਂ ਪੁੱਜਣੇ ਸ਼ੁਰੂ ਹੋ ਗਏ ਸਨ। ਇਸ ਤੋਂ ਬਾਅਦ ਪੁਲਿਸ ਕੁਝ ਕਿਸਾਨ ਆਗੂਆਂ ਨੂੰ ਦੇਰ ਰਾਤ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਪਰ ਕਿਸਾਨ ਨਹੀਂ ਮੰਨੇ ਤੇ ਮੁੜ ਧਰਨਾ ਸਥਾਨ ’ਤੇ ਆ ਕੇ ਪ੍ਰਦਰਸ਼ਨ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਨੇ ਯਮੁਨਾ ਐਕਸਪ੍ਰੈਸ ਵੇਅ ਦੀਆਂ ਦੋ ਲੇਨਾਂ ’ਤੇ ਟ੍ਰੈਫਿਕ ਰੋਕਿਆ ਹੋਇਆ ਹੈ।
ਦੱਸ ਦਈਏ ਕਿ ਕੋਰੋਨਾ ਦੇ ਕਹਿਰ ਕਰਕੇ ਕਿਸਾਨਾਂ ਦਾ ਸੰਘਰਸ਼ ਕੁਝ ਮੱਠਾ ਪਿਆ ਸੀ। ਹੁਣ ਕੋਰੋਨਾ ਕੇਸ ਘਟਣ ਲੱਗੇ ਹਨ ਤਾਂ ਕਿਸਾਨਾਂ ਦੇ ਐਕਸ਼ਨ ਵਧਣ ਲੱਗੇ ਹਨ। ਪਿਛਲੇ ਛੇ-ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦਾ ਕਹਿਣ ਹੈ ਕਿ ਮੋਦੀ ਸਰਕਾਰ ਵਿਰੋਧੀ ਕਾਲੇ ਦਿਨ ਨੂੰ ਲੋਕਾਂ ਵੱਲੋਂ ਮਿਲੇ ਸਮਰਥਨ ਨੇ ਕਿਸਾਨ ਅੰਦੋਲਨ ਦੀ ਜਿੱਤ ਦਾ ਸਪੱਸ਼ਟ ਸੰਕੇਤ ਦਿੱਤਾ ਹੈ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਵੀ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ’ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਤੇ ਮੋਗਾ ਦੇ ਸਾਈਲੋ ਅੱਗੇ ਧਰਨਿਆਂ ਨੂੰ ਤੇਜ਼ ਕਰ ਦਿੱਤਾ ਹੈ।
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ। ਕਿਸਾਨ ਆਗੂਆਂ ਨੇ ਕਿਹਾ ਕਿ ‘ਕਾਲੇ ਦਿਨ’ ਨੂੰ ਮਿਲੇ ਜਨ ਸਮਰਥਨ ਤੋਂ ਬਾਅਦ ਭਾਜਪਾ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਹੁਣ ਮੋਦੀ ਹਕੂਮਤ ਖ਼ਿਲਾਫ਼ ਮੈਦਾਨ ’ਚ ਨਿੱਤਰ ਆਈ ਹੈ।