‘ਪੱਗੜੀ ਸੰਭਾਲ’ ਦਿਵਸ: ਹੁਣ ਕਿਸਾਨਾਂ ਨੇ ਬਣਾਇਆ ਇੱਜ਼ਤ ਦਾ ਸਵਾਲ, ਬੋਲੇ 'ਖੇਤੀ ਕਾਨੂੰਨਾਂ ਰਾਹੀਂ ਪਾਇਆ ਪੱਗ 'ਤੇ ਹੱਥ'
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ‘ਪੱਗੜੀ ਸੰਭਾਲ ਜੱਟਾ’ ਲਹਿਰ ਸ਼ੁਰੂ ਕੀਤੀ ਗਈ ਸੀ। ਇਹ ਲਹਿਰ 9 ਮਹੀਨੇ ਤੱਕ ਚੱਲੀ ਸੀ।
ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ‘ਪੱਗੜੀ ਸੰਭਾਲ’ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਕਿਸਾਨ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ। ਇਸ ਦੇ ਨਾਲ ਹੀ ਮੰਗ ਪੱਤਰ ਸੌਂਪੇ ਜਾਣਗੇ। ਕਿਸਾਨ ਜਥੇਬੰਦੀਆਂ ਆਪਣੇ ਅੰਦੋਲਨ ਦੀਆਂ ਜੜ੍ਹਾਂ ਇਤਿਹਾਸ ਨਾਲ ਜੋੜ ਕੇ ਇਸ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀਆਂ ਹੋਈਆਂ ਹਨ।
ਦੱਸ ਦਈਏ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ‘ਪੱਗੜੀ ਸੰਭਾਲ ਜੱਟਾ’ ਲਹਿਰ ਸ਼ੁਰੂ ਕੀਤੀ ਗਈ ਸੀ। ਇਹ ਲਹਿਰ 9 ਮਹੀਨੇ ਤੱਕ ਚੱਲੀ ਸੀ। ਅੱਜ ਅਜੀਤ ਸਿੰਘ ਦਾ ਜਨਮ ਦਿਵਸ ਹੈ। ਇਸ ਲਈ ਇਸ ਦਿਹਾੜੇ ਨੂੰ ਕਿਸਾਨ ਜਥੇਬੰਦੀਆਂ ਨੇ ‘ਪੱਗੜੀ ਸੰਭਾਲ’ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।
ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ‘ਪੱਗੜੀ ਸੰਭਾਲ’ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਦੀ ਪੱਗ ਨੂੰ ਕੇਂਦਰ ਸਰਕਾਰ ਵੱਲੋਂ ਤਿੰਨਾਂ ਕਾਨੂੰਨਾਂ ਰਾਹੀਂ ਹੱਥ ਪਾਉਣ ਤੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਰਹਿਮੋ-ਕਰਮ ਉਪਰ ਛੱਡ ਦੇਣ ਦੀ ਨੀਤੀ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨਾਂ ਦੀ ਧਾਰ ਨਾਲ ਹੀ ਕੌਮਾਂਤਰੀ ਪੱਧਰ ਦੇ ਘੋਲ ਲੜੇ ਤੇ ਜਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅੱਜ ਹੀ ਮੋਰਚੇ ਵੱਲੋਂ ਸਵਾਮੀ ਸਹਿਜਾਨੰਦ ਸਰਸਵਤੀ ਨੂੰ ਯਾਦ ਕੀਤਾ ਜਾਵੇਗਾ ਤੇ ਕਿਸਾਨ ਆਪਣੇ ਆਤਮ ਸਨਮਾਨ ਦਾ ਪ੍ਰਗਟਾਵਾ ਕਰਨ ਲਈ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ। ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ 22 ਫਰਵਰੀ 1889 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਪਿੰਡ ਦੇਵਾ (ਨੇੜੇ ਦੱਲ੍ਹਪੁਰ) ਵਿਖੇ ਹੋਇਆ ਸੀ। ਬੁੱਧੀਜੀਵੀ, ਸਮਾਜ ਸੁਧਾਰਕ, ਲੇਖਕ ਤੇ ਉੱਘੇ ਕ੍ਰਾਂਤੀਕਾਰੀ ਸਹਿਜਾਨੰਦ ਸਰਸਵਤੀ ਨੇ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦਾ ਦੇਹਾਂਤ 26 ਜੂਨ 1950 ਨੂੰ ਹੋਇਆ ਸੀ।