24 ਨਵੰਬਰ ਨੂੰ ਕਿਸਾਨ ਅੰਬਾਲਾ 'ਚ ਨੈਸ਼ਨਲ ਹਾਈਵੇਅ ਕਰਨਗੇ ਜਾਮ
Farmer Protest: ਹਰਿਆਣਾ ਦੇ ਅੰਬਾਲਾ ਵਿੱਚ ਹੋਏ ਰੇਲ ਚੱਕਾ ਜਾਮ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕੀਤਾ ਹੈ। ਚੜੂਨੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਰੇਲਵੇ ਨੇ ਦਰਜ ਕੀਤੇ ਸਾਰੇ ਮਾਮਲੇ ਵਾਪਸ ਲੈ ਲਏ ਹਨ
Farmer Protest: ਹਰਿਆਣਾ ਦੇ ਅੰਬਾਲਾ ਵਿੱਚ ਹੋਏ ਰੇਲ ਚੱਕਾ ਜਾਮ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕੀਤਾ ਹੈ। ਚੜੂਨੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਚੇਤਾਵਨੀ ਦੇਣ ਤੋਂ ਬਾਅਦ ਰੇਲਵੇ ਨੇ ਦਰਜ ਕੀਤੇ ਸਾਰੇ ਮਾਮਲੇ ਵਾਪਸ ਲੈ ਲਏ ਹਨ, ਇਸ ਲਈ 24 ਨਵੰਬਰ ਨੂੰ ਰੇਲ ਆਵਾਜਾਈ ਜਾਮ ਨਹੀਂ ਹੋਵੇਗੀ। ਹੁਣ ਇਸ ਦਿਨ ਮੋਹਰਾ ਅਨਾਜ ਮੰਡੀ ਨੇੜੇ ਜੀ.ਟੀ ਰੋਡ ਜਾਮ ਕੀਤਾ ਜਾਵੇਗਾ। ਚੜੂਨੀ ਨੇ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਕਿਸਾਨਾਂ ਨਾਲ ਮੀਟਿੰਗ ਸਬੰਧੀ ਦਿੱਤਾ ਗਿਆ ਬਿਆਨ ਗੁੰਮਰਾਹਕੁੰਨ ਹੈ।
ਕਿਸਾਨ ਆਗੂ ਚੜੂਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵਾਅਦੇ ਮੁਤਾਬਕ ਅਜੇ ਤੱਕ ਸਾਰੇ ਕੇਸ ਵਾਪਸ ਨਹੀਂ ਕੀਤੇ। ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਐਫਆਈਆਰ ਨੰਬਰ 206 ਅਤੇ 77 ਵਰਗੇ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਜਦੋਂਕਿ ਅੰਦੋਲਨ ਦੇ ਨਿਪਟਾਰੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਵਫ਼ਦ ਤੋਂ ਇਹ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ। ਅੰਦੋਲਨ ਤੋਂ ਪਹਿਲਾਂ 32 ਤੋਂ ਵੱਧ ਮੁਕੱਦਮੇ ਅਜਿਹੇ ਹਨ, ਜੋ ਅੰਦੋਲਨ ਦੇ ਨਿਪਟਾਰੇ ਦੌਰਾਨ ਵਾਅਦਾ ਕਰਨ ਤੋਂ ਬਾਅਦ ਵੀ ਵਾਪਸ ਨਹੀਂ ਕੀਤੇ ਗਏ।
ਕਿਸਾਨ ਆਗੂ ਨੇ ਕਿਹਾ ਕਿ ਹਰਿਆਣਾ ਵਿੱਚ ਦਰਜ ਕਈ ਕੇਸ ਅਜੇ ਵੀ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ, ਹਾਲਾਂਕਿ ਹਰਿਆਣਾ ਸਰਕਾਰ ਨੇ ਜ਼ਿਆਦਾਤਰ ਕੇਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਬਾਵਜੂਦ ਅਦਾਲਤਾਂ ਵਿੱਚ ਵੱਡੀ ਗਿਣਤੀ ਵਿੱਚ ਕੇਸ ਪੈਂਡਿੰਗ ਪਏ ਹਨ। ਜਿਸ ਕਾਰਨ ਕਈ ਲੋਕਾਂ ਦੇ ਅਸਲਾ ਲਾਇਸੈਂਸ ਰੱਦ ਹੋ ਚੁੱਕੇ ਹਨ ਅਤੇ ਪਾਸਪੋਰਟ ਵੀ ਨਹੀਂ ਬਣ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਆਪਣੇ ਵਾਅਦੇ ’ਤੇ ਖਰੀ ਨਹੀਂ ਉਤਰੀ। ਇਸ ਵੇਲੇ ਤਿੰਨੋਂ ਕਿਸਾਨ ਅੰਦੋਲਨਾਂ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਵਿੱਚੋਂ 35 ਕੇਸ ਰੱਦ ਨਹੀਂ ਹੋਏ ਹਨ। ਫਿਰ ਮਜਬੂਰੀ ਵੱਸ ਭਾਕਿਯੂ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਅੰਦੋਲਨ ਦਾ ਰੁਖ ਅਖ਼ਤਿਆਰ ਕਰਨਾ ਪਿਆ ਹੈ।
ਸਰਕਾਰ ਇਹ ਦਾਅਵਾ ਕਰ ਰਹੀ ਹੈ
ਕਿਸਾਨ ਆਗੂਆਂ ਦੇ ਦਾਅਵਿਆਂ ਦੇ ਉਲਟ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਅੰਦੋਲਨ 'ਤੇ ਦਰਜ ਕੇਸ ਵਾਪਸ ਲੈ ਲਏ ਗਏ ਹਨ। ਹੁਣ ਤੱਕ 294 ਕੇਸ ਰੱਦ ਕੀਤੇ ਜਾ ਚੁੱਕੇ ਹਨ। ਕੁਝ ਪ੍ਰਕਿਰਿਆ ਵਿੱਚ ਹਨ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 164 ਅਜਿਹੇ ਕੇਸ ਹਨ ਜਿਨ੍ਹਾਂ ਦੀ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਅਦਾਲਤ ਨੇ 98 ਕੇਸਾਂ ਨੂੰ ਰੱਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।