ਪਿਓ ਵਿਧਾਇਕ ਤਾਂ ਸਿਗਨਲ ਤੋੜ ਟ੍ਰੈਫਿਕ ਪੁਲਿਸ ਨਾਲ ਭਿੜ ਗਈ ਧੀ! 10 ਹਜ਼ਾਰ ਰੁਪਏ ਭਰਨਾ ਪਿਆ ਜੁਰਮਾਨਾ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਕਰਨਾਟਕ ਦੇ ਭਾਜਪਾ ਵਿਧਾਇਕ ਅਰਵਿੰਦ ਨਿੰਬਾਵਲੀ ਦੀ ਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਹ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਮਾਮਲਾ ਵੀਰਵਾਰ ਦਾ ਹੈ, ਜਦੋਂ ਬੀਐਮਡਬਲਿਊ ਕਾਰ
ਬੰਗਲੁਰੂ : ਕਰਨਾਟਕ ਦੇ ਭਾਜਪਾ ਵਿਧਾਇਕ ਅਰਵਿੰਦ ਨਿੰਬਾਵਲੀ ਦੀ ਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਹ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਮਾਮਲਾ ਵੀਰਵਾਰ ਦਾ ਹੈ, ਜਦੋਂ ਬੀਐਮਡਬਲਿਊ ਕਾਰ 'ਚ ਸਵਾਰ ਅਰਵਿੰਦ ਨਿੰਬਾਵਲੀ ਦੀ ਧੀ ਅਤੇ ਉਸ ਦੇ ਦੋਸਤਾਂ ਨੂੰ ਟ੍ਰੈਫਿਕ ਪੁਲਿਸ ਨੇ ਸਿਗਨਲ ਤੋੜਨ 'ਤੇ ਰੋਕਿਆ।
ਹਾਲਾਂਕਿ ਵਿਧਾਇਕ ਦੀ ਬੇਟੀ ਗਲਤੀ ਮੰਨਣ ਦੀ ਬਜਾਏ ਪੁਲਿਸ ਮੁਲਾਜ਼ਮ ਨਾਲ ਹੀ ਭਿੜ ਗਈ ਅਤੇ ਉੱਥੇ ਮੌਜੂਦ ਕੁਝ ਪੱਤਰਕਾਰਾਂ ਤੇ ਕੈਮਰਾਮੈਨ ਨਾਲ ਕਥਿਤ ਤੌਰ 'ਤੇ ਬਦਸਲੂਕੀ ਵੀ ਕੀਤੀ। ਇਸ ਸਭ ਦੇ ਬਾਵਜੂਦ ਵੀ ਪੁਲਿਸ ਨਾ ਝੁਕੀ ਅਤੇ ਸਬੂਤ ਦਿਖਾਉਂਦੇ ਹੋਏ 10,000 ਰੁਪਏ ਜੁਰਮਾਨਾ ਵਸੂਲਿਆ। ਵਾਇਰਲ ਵੀਡੀਓ 'ਚ ਭਾਜਪਾ ਵਿਧਾਇਕ ਦੀ ਧੀ ਕਹਿੰਦੀ ਹੋਈ ਨਜ਼ਰ ਆ ਰਹੀ ਹੈ, "ਮੈਂ ਹੁਣ ਜਾਣਾ ਚਾਹੁੰਦੀ ਹਾਂ। ਕਾਰ ਨਾ ਫੜੋ। ਮੇਰੇ 'ਤੇ ਓਵਰਟੇਕ ਕਰਨ ਦਾ ਕੇਸ ਨਹੀਂ ਪਾ ਸਕਦੇ। ਇਹ ਇੱਕ ਵਿਧਾਇਕ ਦੀ ਕਾਰ ਹੈ। ਅਸੀਂ ਰੈਸ਼ ਡਰਾਈਵਿੰਗ ਨਹੀਂ ਕੀਤੀ ਹੈ। ਮੇਰੇ ਪਿਤਾ ਅਰਵਿੰਦ ਨਿੰਬਾਵਲੀ ਹਨ। ਬਹਿਸ ਦੌਰਾਨ ਲੜਕੀ ਨੇ ਘਰ ਜਾਣ ਦੀ ਗੱਲ ਵੀ ਆਖੀ ਅਤੇ ਕਿਹਾ ਕਿ ਉਸ ਕੋਲ ਤੁਰੰਤ ਜੁਰਮਾਨਾ ਭਰਨ ਲਈ ਪੈਸੇ ਨਹੀਂ ਹਨ। ਹਾਲਾਂਕਿ ਅੰਤ 'ਚ ਉਸ ਦੇ ਨਾਲ ਆਏ ਉਸ ਦੇ ਦੋਸਤ ਨੇ ਜੁਰਮਾਨਾ ਭਰ ਦਿੱਤਾ ਅਤੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ।
ਟ੍ਰੈਫਿਕ ਪੁਲਿਸ ਨਾਲ ਭਿੜੀ ਵਿਧਾਇਕ ਦੀ ਧੀ, ਕੀ ਹੈ ਪੂਰੀ ਕਹਾਣੀ?
ਪੂਰਾ ਮਾਮਲਾ ਵੀਰਵਾਰ ਸ਼ਾਮ ਕਰੀਬ 5.15 ਵਜੇ ਦਾ ਹੈ, ਜਦੋਂ ਟ੍ਰੈਫਿਕ ਪੁਲਿਸ ਨੇ ਕੇਐਸਸੀਏ ਸਟੇਡੀਅਮ ਨੇੜੇ ਕਵੀਂਸ ਰੋਡ ਤੋਂ ਆ ਰਹੀ ਬੀਐਮਡਬਲਿਊ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ ਤੱਕ ਕਾਰ ਮਿੰਸਕ ਸਕੁਏਅਰ ਸਥਿੱਤ ਰਾਜ ਭਵਨ ਰੋਡ 'ਤੇ ਐਂਟਰ ਹੋ ਚੁੱਕੀ ਸੀ। ਇਸ ਸਮੇਂ ਤੱਕ ਅਨਿਲ ਕੁੰਬਲੇ ਸਰਕਲ ਦੇ ਕੋਲ ਕਾਰ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਵੀ ਓਵਰਟੇਕ ਕਰ ਚੁੱਕੀ ਸੀ। ਕਾਰ 'ਚ 2 ਔਰਤਾਂ ਅਤੇ 2 ਮਰਦ ਸਵਾਰ ਸਨ, ਜਿਨ੍ਹਾਂ ਦੀ ਉਮਰ 20-25 ਸਾਲ ਦੇ ਕਰੀਬ ਸੀ। ਇਕ ਔਰਤ ਨੇ ਹੇਠਾਂ ਉਤਰ ਕੇ ਪੁਲਿਸ ਤੋਂ ਸਪੱਸ਼ਟੀਕਰਨ ਮੰਗਿਆ। ਇਸ 'ਤੇ ਪੁਲੀਸ ਮੁਲਾਜ਼ਮ ਨੇ ਕਿਹਾ ਕਿ ਸਿਗਨਲ ਤੋੜਨ 'ਤੇ ਗੱਡੀ ਨੂੰ ਰੋਕਿਆ ਗਿਆ ਹੈ। ਪੁਲਿਸ ਮੁਲਾਜ਼ਮ ਨੇ ਇਹ ਜਾਣਕਾਰੀ ਆਪਣੇ ਮੋਬਾਈਲ ਫ਼ੋਨ 'ਤੇ ਵੀ ਦਿਖਾਈ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਕਾਰ ਦੇ ਪਹਿਲਾਂ 13 ਵਾਰ ਚਲਾਨ ਕੱਟੇ ਜਾ ਚੁੱਕੇ ਹਨ ਅਤੇ ਜੁਰਮਾਨਾ ਨਹੀਂ ਭਰਿਆ ਗਿਆ ਸੀ। 7 ਮਾਮਲੇ ਗਲਤ ਪਾਰਕਿੰਗ ਅਤੇ 6ਟ੍ਰੈਫ਼ਿਕ ਸਿਗਨਲ ਤੋੜਨ ਦੇ ਸਨ। ਗਲਤ ਪਾਰਕਿੰਗ 'ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ, ਜਦਕਿ ਸਿਗਨਲ ਜੰਪਿੰਗ 'ਤੇ 500 ਰੁਪਏ ਦਾ ਜ਼ੁਰਮਾਨਾ ਹੁੰਦਾ ਹੈ। ਔਰਤ ਨੇ ਦਲੀਲ ਦਿੱਤੀ ਕਿ ਗੱਡੀ ਨੂੰ ਸਿਰਫ਼ ਇਸ ਲਈ ਰੋਕਿਆ ਗਿਆ ਸੀ, ਕਿਉਂਕਿ ਇਸ ਨੇ ਏਸੀਪੀ ਦੀ ਜੀਪ ਨੂੰ ਓਵਰਟੇਕ ਕੀਤਾ ਸੀ। ਕੁਝ ਟੀਵੀ ਚੈਨਲਾਂ ਦੇ ਮੁਲਾਜ਼ਮਾਂ ਨੇ ਰਾਜ ਭਵਨ ਦੇ ਸਾਹਮਣੇ ਘਟਨਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਇਹੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਬਾਅਦ 'ਚ ਬਹਿਸ ਕਰਨ ਵਾਲੀ ਔਰਤ ਦੀ ਪਛਾਣ ਰੇਣੂਕਾ ਨਿੰਬਾਵਲੀ ਵਜੋਂ ਹੋਈ।
ਪੁਲਿਸ ਜੀਪ ਨੂੰ ਓਵਰਟੇਕ ਕਰਨ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ, "ਕੀ ਤੁਸੀਂ ਏਸੀਪੀ ਦੀ ਕਾਰ ਨੂੰ ਓਵਰਟੇਕ ਕਰਨ ਦਾ ਮਾਮਲਾ ਦਰਜ ਕਰੋਗੇ? ਇਹ ਇੱਕ ਵਿਧਾਇਕ ਦੀ ਕਾਰ ਹੈ।" ਜਦੋਂ ਇੱਕ ਪੁਲਿਸ ਵਾਲੇ ਨੇ ਕਿਹਾ ਕਿ ਕਾਰ ਨੇ ਖੱਬੇ ਪਾਸੇ ਤੋਂ ਜੀਪ ਨੂੰ ਓਵਰਟੇਕ ਕੀਤਾ ਹੈ ਤਾਂ ਕੁੜੀ ਨੇ ਕਿਹਾ, "ਅਸੀਂ ਰੈਸ਼ ਡਰਾਈਵਿੰਗ ਨਹੀਂ ਕੀਤੀ। ਕੀ ਤੁਸੀਂ ਪੁਲਿਸ ਦੀ ਗੱਡੀ ਨੂੰ ਓਵਰਟੇਕ ਕਰਨ ਦਾ ਕੇਸ ਦਰਜ ਕਰੋਗੇ?"