Karnataka New Chief Minister: ਆਖਰ ਸੋਨੀਆ ਗਾਂਧੀ ਨੇ ਸੁਲਝਾਇਆ ਮਾਮਲਾ, ਡੀਕੇ ਹੋਏ ਰਾਜੀ, ਸਿੱਧਰਮਈਆ ਸੀਐਮ
ਸ਼ਿਵਕੁਮਾਰ ਨੇ 50-50 ਫਾਰਮੂਲੇ 'ਤੇ ਸਹਿਮਤੀ ਜਤਾਈ ਹੈ। ਸਿਧਾਰਮਈਆ ਪਹਿਲੇ ਢਾਈ ਸਾਲਾਂ ਲਈ ਮੁੱਖ ਮੰਤਰੀ ਤੇ ਅਗਲੇ ਢਾਈ ਸਾਲਾਂ ਲਈ ਡੀਕੇ ਮਤਲਬ 2025 ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਡੀਕੇ ਮੁੱਖ ਮੰਤਰੀ ਬਣ ਜਾਣਗੇ।
Karnataka New Chief Minister: ਚਾਰ ਦਿਨਾਂ ਦੇ ਮੰਥਨ ਮਗਰੋਂ ਕਰਨਾਟਕ ਨੂੰ ਮੁੱਖ ਮੰਤਰੀ ਮਿਲ ਗਿਆ ਹੈ। ਆਖਰ ਸੋਨੀਆ ਗਾਂਧੀ ਦੇ ਦਖਲ ਤੋਂ ਬਾਅਦ, ਡੀਕੇ ਸ਼ਿਵਕੁਮਾਰ ਸਹਿਮਤ ਹੋ ਗਏ। ਹੁਣ ਸਿੱਧਰਮਈਆ ਕਰਨਾਟਕ ਦੇ ਮੁੱਖ ਮੰਤਰੀ ਤੇ ਡੀਕੇ ਉਪ ਮੁੱਖ ਮੰਤਰੀ ਹੋਣਗੇ। ਦੇਰ ਰਾਤ ਸੋਨੀਆ ਗਾਂਧੀ ਨੇ ਡੀਕੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਤੋਂ ਬਾਅਦ ਹੀ ਡੀਕੇ ਮੁੱਖ ਮੰਤਰੀ ਦੇ ਅਹੁਦੇ ਲਈ ਤਿਆਰ ਹੋਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਇਸ ਦਾ ਅਧਿਕਾਰਤ ਐਲਾਨ ਕਰਨਗੇ।
ਸ਼ਿਵਕੁਮਾਰ ਨੇ ਵੀਰਵਾਰ ਸਵੇਰੇ ਕਿਹਾ, 'ਮੈਂ ਪਾਰਟੀ ਦੇ ਫਾਰਮੂਲੇ ਨਾਲ ਸਹਿਮਤ ਹਾਂ। ਅੱਗੇ ਲੋਕ ਸਭਾ ਚੋਣਾਂ ਹਨ ਤੇ ਮੈਂ ਜ਼ਿੰਮੇਵਾਰੀਆਂ ਲਈ ਤਿਆਰ ਹਾਂ। ਪਾਰਟੀ ਦੇ ਹਿੱਤ ਨੂੰ ਮੁੱਖ ਰੱਖਦਿਆਂ ਮੈਂ ਸਹਿਮਤੀ ਦਿੱਤੀ ਹੈ। ਕਾਂਗਰਸ ਨੇ ਅੱਜ ਸ਼ਾਮ 7 ਵਜੇ ਬੈਂਗਲੁਰੂ 'ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਇਸ ਵਿੱਚ ਪਾਰਟੀ ਦੇ ਕੇਂਦਰੀ ਆਬਜ਼ਰਵਰ ਵੀ ਪੁੱਜਣਗੇ। ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਮਈ ਨੂੰ ਬੈਂਗਲੁਰੂ 'ਚ ਹੋਵੇਗਾ। ਇਸ ਤੋਂ ਪਹਿਲਾਂ ਸਿੱਧਰਮਈਆ ਤੇ ਡੀਕੇ ਨਾਲ ਰਾਹੁਲ ਤੇ ਖੜਗੇ ਦੀਆਂ ਦੋ ਮੀਟਿੰਗਾਂ ਬੇਸਿੱਟਾ ਰਹੀਆਂ ਸਨ।
ਹਾਸਲ ਜਾਣਕਾਰੀ ਮੁਤਾਬਕ ਸ਼ਿਵਕੁਮਾਰ ਨੇ 50-50 ਫਾਰਮੂਲੇ 'ਤੇ ਸਹਿਮਤੀ ਜਤਾਈ ਹੈ। ਸਿਧਾਰਮਈਆ ਪਹਿਲੇ ਢਾਈ ਸਾਲਾਂ ਲਈ ਮੁੱਖ ਮੰਤਰੀ ਤੇ ਅਗਲੇ ਢਾਈ ਸਾਲਾਂ ਲਈ ਡੀਕੇ ਮਤਲਬ 2025 ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਡੀਕੇ ਮੁੱਖ ਮੰਤਰੀ ਬਣ ਜਾਣਗੇ। ਹਾਲਾਂਕਿ ਹੁਣ ਕਰਨਾਟਕ ਦਾ ਕਾਂਗਰਸ ਸੂਬਾ ਪ੍ਰਧਾਨ ਕੌਣ ਹੋਵੇਗਾ, ਇਸ ਦਾ ਨਾਂ ਤੈਅ ਨਹੀਂ ਹੋਇਆ।
ਨਹੀਂ ਮੰਨ ਰਹੇ ਸੀ ਡੀਕੇ
ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਿੱਧਰਮਈਆ ਨੂੰ ਮੁੱਖ ਮੰਤਰੀ ਅਤੇ ਡੀਕੇ ਸ਼ਿਵਕੁਮਾਰ ਨੂੰ ਉਪ ਮੁੱਖ ਮੰਤਰੀ ਵਜੋਂ ਅੰਤਿਮ ਰੂਪ ਦਿੱਤਾ ਸੀ। ਕਾਂਗਰਸ 'ਚ ਇਹ ਸਮਝੌਤਾ ਹੋ ਗਿਆ ਸੀ ਪਰ ਡੀਕੇ ਦੇ ਵਿਰੋਧ ਕਾਰਨ ਇਹ ਮਾਮਲਾ ਜ਼ਿਆਦਾ ਲਟਕਦਾ ਰਿਹਾ।
ਸੋਨੀਆ ਨੇ ਸੰਭਿਆ ਸੀ ਚਾਰਜ
ਕਾਂਗਰਸ ਵਾਰ-ਵਾਰ ਡੀਕੇ ਸ਼ਿਵਕੁਮਾਰ ਨੂੰ ਇਸ ਸੌਦੇ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਤਿਆਰ ਨਹੀਂ ਹੋ ਰਹੇ ਸਨ। ਦੂਜੇ ਪਾਸੇ ਫੈਸਲੇ 'ਚ ਦੇਰੀ ਕਾਰਨ ਭਾਜਪਾ ਨੇ ਕਾਂਗਰਸ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦਿਆਂ ਇਸ ਨੂੰ ਕਮਜ਼ੋਰ ਦੱਸਿਆ। ਆਖਰਕਾਰ, ਸੋਨੀਆ ਗਾਂਧੀ ਨੂੰ ਦਖਲ ਦੇਣਾ ਪਿਆ ਅਤੇ ਉਸਨੇ ਬੁੱਧਵਾਰ (17 ਮਈ) ਸ਼ਾਮ ਨੂੰ ਡੀਕੇ ਸ਼ਿਵਕੁਮਾਰ ਨਾਲ ਗੱਲ ਕੀਤੀ। ਸੋਨੀਆ ਗਾਂਧੀ ਨਾਲ ਗੱਲਬਾਤ ਕਰਨ ਤੋਂ ਬਾਅਦ ਡੀਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਲਈ ਰਾਜ਼ੀ ਹੋ ਗਏ।