ਟਟਹਿਰੀ ਦੇ ਆਂਡੇ ਤੋੜਨ ਬਦਲੇ 5 ਸਾਲ ਦੀ ਬੱਚੀ ਨੂੰ ਦੇਸ਼ ਨਿਕਾਲਾ

ਕੋਟਾ: ਟਟਹਿਰੀ ਦੇ ਆਂਡੇ ਤੋੜਨ ਬਦਲੇ ਪੰਚਾਇਤ ਨੇ ਪੰਜ ਸਾਲ ਦੀ ਬੱਚੀ ਨੂੰ ਜਾਤੀ ਵਿੱਚੋਂ ਬਾਹਰ ਕਰਦਿਆਂ ਘਰੋਂ ਬਾਹਰ ਕੱਢਣ ਦਾ ਫੈਸਲਾ ਸੁਣਾ ਦਿੱਤਾ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੀ ਨੂੰ ਇਸ ਅੰਧ ਵਿਸ਼ਵਾਸ ਦਾ ਸ਼ਿਕਾਰ ਹੋਣ ਤੋਂ ਬਚਾਇਆ।
ਦਰਅਸਲ ਬੱਚੀ ਨੇ 2 ਜੁਲਾਈ ਨੂੰ ਆਪਣੇ ਸਕੂਲ 'ਚ ਟਟਹਿਰੀ ਦੇ ਆਂਡੇ ਗਲਤੀ ਨਾਲ ਤੋੜ ਦਿੱਤੇ ਸਨ। ਉੱਥੋਂ ਦੇ ਸਥਾਨਕ ਵਿਸ਼ਵਾਸ ਮੁਤਾਬਕ ਅਜਿਹਾ ਮੰਨਿਆ ਜਾਂਦਾ ਹੈ ਕਿ ਪੰਛੀ ਮੀਂਹ ਦਾ ਸੂਚਕ ਹੈ ਤੇ ਇਸ ਨੂੰ ਜਾਂ ਇਸ ਦੇ ਆਂਡਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਸਜ਼ਾ ਦਿੱਤੀ ਜਾਂਦੀ ਹੈ।
ਬੱਚੀ ਵੱਲੋਂ ਗਲਤੀ ਨਾਲ ਆਂਡਿਆਂ ਨੂੰ ਨੁਕਸਾਨ ਪਹੁੰਚਾਏ ਜਾਣ 'ਤੇ ਪਿੰਡ ਦੀ ਪੰਚਾਇਤ ਨੇ ਆਂਡੇ ਤੋੜਨ ਦੇ ਪਾਪ ਬਦਲੇ ਬੱਚੀ ਨੂੰ ਜਾਤੀ ਤੋਂ ਬਾਹਰ ਕਰ ਦਿੱਤਾ ਤੇ ਤਿੰਨ ਦਿਨ ਤੱਕ ਘਰ ਵੜਨ 'ਤੇ ਰੋਕ ਲਾ ਦਿੱਤੀ। ਪਹਿਲੀ ਜਮਾਤ 'ਚ ਪੜ੍ਹਨ ਵਾਲੀ ਬੱਚੀ ਨੂੰ ਘਰ ਦੇ ਸਾਹਮਣੇ ਵਾੜੇ 'ਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਬੱਚੀ ਦੇ ਪਿਤਾ ਨੇ ਪੰਚਾਇਤ ਦੇ ਇਸ ਫੈਸਲੇ ਦਾ ਵਿਰੋਧ ਕੀਤਾ।
ਉਨ੍ਹਾਂ ਹੰਗਾਮਾ ਕੀਤਾ ਤਾਂ ਪੰਚਾਇਤ ਨੇ ਸਜ਼ਾ ਵਧਾ ਕੇ 11 ਦਿਨ ਕਰ ਦਿੱਤੀ। ਮਾਮਲਾ ਜਦੋਂ ਸਥਾਨਕ ਪ੍ਰਸ਼ਾਸਨ ਦੀ ਜਾਣਕਾਰੀ 'ਚ ਆਇਆ ਤਾਂ ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਦੱਸਿਆ ਕਿ ਉਹ ਫੈਸਲਾ ਕਾਨੂੰਨ ਖਿਲਾਫ ਹੈ। ਤਹਿਸੀਲਦਾਰ ਭਗਵਾਨ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਪੰਚਾਇਤ ਆਪਣਾ ਫੈਸਲਾ ਵਾਪਸ ਲੈਣ ਲਈ ਰਾਜ਼ੀ ਹੋਈ।




















