Gang War In Rajasthan : ਰਾਜਸਥਾਨ 'ਚ ਗੈਂਗਸਟਰ ਰਾਜੂ ਦਾ ਕਤਲ , ਗੋਲਡੀ ਬਰਾੜ ਦੇ ਕਰੀਬੀਆਂ ਵੱਲੋਂ ਹੱਤਿਆ ਦਾ ਦਾਅਵਾ
Gang War In Rajasthan: ਰਾਜਸਥਾਨ ਦੇ ਸੀਕਰ 'ਚ ਸ਼ਨੀਵਾਰ ਨੂੰ ਗੈਂਗਸਟਰ ਰਾਜੂ ਠੇਹਠ ਦੀ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਸੀਕਰ ਦੇ ਉਦਯੋਗ ਨਗਰ ਇਲਾਕੇ 'ਚ ਗੈਂਗਸਟਰ...
ਜਗਵਿੰਦਰ ਪਟਿਆਲ ਦੀ ਰਿਪੋਰਟ
Gang War In Rajasthan: ਰਾਜਸਥਾਨ ਦੇ ਸੀਕਰ 'ਚ ਸ਼ਨੀਵਾਰ ਨੂੰ ਗੈਂਗਸਟਰ ਰਾਜੂ ਠੇਹਠ ਦੀ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਸੀਕਰ ਦੇ ਉਦਯੋਗ ਨਗਰ ਇਲਾਕੇ 'ਚ ਗੈਂਗਸਟਰ ਦੀ ਉਸ ਦੀ ਰਿਹਾਇਸ਼ ਨੇੜੇ ਕੁਝ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ ਗੋਲਡੀ ਬਰਾੜ ਦੇ ਕਰੀਬੀਆਂ ਦਾ ਦਾਅਵਾ ਹੈ ਕਿ ਗੋਲਡੀ ਬਰਾੜ ਨੇ ਸੀਕਰ 'ਚ ਰਾਜੂ ਠੇਹਠ ਦਾ ਕਤਲ ਕਰਵਾਇਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨੰਤਪਾਲ ਗੈਂਗ ਖਿਲਾਫ਼ ਜਾਣ ਦਾ ਬਦਲਾ ਲਿਆ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਕਤਲ ਕਰਵਾਇਆ ਗਿਆ ਹੈ।
ਹਾਲਾਂਕਿ ਆਨੰਦਪਾਲ ਗੈਂਗ 'ਚ ਰਾਜੂ ਠੇਹਠ ਦੀ ਪਹਿਲਾਂ ਰੰਜਿਸ਼ ਚੱਲ ਰਹੀ ਸੀ। ਸੂਤਰਾਂ ਮੁਤਾਬਕ ਇਸ ਸਮੇਂ ਆਨੰਦਪਾਲ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਇਕੱਠੇ ਕੰਮ ਕਰ ਰਹੇ ਸਨ। ਲਾਰੈਂਸ ਗੈਂਗ ਦੇ ਹਿਸਟਰੀਸ਼ੀਟਰ ਰੋਹਿਤ ਗੋਦਾਰਾ ਨੇ ਰਾਜੂ ਠੇਹਠ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਨਾਲ ਹੀ ਕਿਹਾ ਕਿ ਆਨੰਦਪਾਲ ਅਤੇ ਬਲਵੀਰ ਦੇ ਕਤਲ ਦਾ ਬਦਲਾ ਲੈ ਲਿਆ ਗਿਆ ਹੈ।
ਇਸ ਗੈਂਗ ਵਾਰ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ 'ਚ ਕੁਝ ਬਦਮਾਸ਼ ਦਿਨ-ਦਿਹਾੜੇ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖਾਈ ਦੇ ਰਹੇ ਚਾਰ ਦੋਸ਼ੀਆਂ ਦੇ ਹੱਥਾਂ 'ਚ ਹਥਿਆਰ ਨਜ਼ਰ ਆ ਰਹੇ ਹਨ ਅਤੇ ਉਹ ਤੇਜ਼ੀ ਨਾਲ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ।
ਗੋਲੀਆਂ ਦੀ ਆਵਾਜ਼ ਸੁਣ ਕੇ ਆਸਪਾਸ ਲੋਕ ਡਰੇ
ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਸਪਾਸ ਮੌਜੂਦ ਲੋਕਾਂ ਵਿੱਚ ਹੜਕੰਪ ਮੱਚ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਬੜੇ ਆਰਾਮ ਨਾਲ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ।
ਸੀਕਰ ਦੇ ਐਸਪੀ ਕੁੰਵਰ ਰਾਸ਼ਟਰਦੀਪ ਨੇ ਦੱਸਿਆ ਕਿ ਰਾਜੂ ਠੇਹਠ ਦਾ ਕਤਲ ਕੀਤਾ ਗਿਆ। ਸੀਸੀਟੀਵੀ ਦੇ ਆਧਾਰ 'ਤੇ ਇਸ ਕਤਲ ਕਾਂਡ 'ਚ ਚਾਰ ਨੌਜਵਾਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਰਾਜੂ ਨਾਲ ਗੱਲ ਵੀ ਕਰ ਰਿਹਾ ਹੈ। ਲੱਗਦਾ ਹੈ ਕਿ ਦੋਵਾਂ ਦੀ ਜਾਣ-ਪਛਾਣ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ 'ਚ ਇਕ ਨੌਜਵਾਨ ਵੀ ਜ਼ਖਮੀ ਹੋਇਆ ਹੈ। ਦੂਜੇ ਪਾਸੇ ਰੋਹਿਤ ਗੋਦਾਰਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਐਸਪੀ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਖ਼ਬਰਾਂ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀ ਗੋਲਡੀ ਬਰਾੜ ਨੂੰ ਬੀਤੇ ਕੱਲ ਕੈਲੇਫੋਰਨੀਆ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਕੈਲੇਫੋਰਨੀਆ ਦੀ ਸਰਕਾਰ ਨੇ ਹਜੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਏਬੀਪੀ ਨਿਊਜ਼ ਕੱਲ੍ਹ ਤੋਂ ਹੀ ਗ੍ਰਿਫ਼ਤਾਰੀ ਦੀ ਨਹੀਂ ਸਗੋਂ ਗੋਲਡੀ ਬਰਾੜ ਨੂੰ ਟ੍ਰੇਸ ਕਰਨ ਦੀ ਖ਼ਬਰ ਚਲਾ ਰਿਹਾ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਸੀ ਪਰ ਅਜੇ ਤੱਕ ਕੈਲੇਫੋਰਨੀਆ ਸਰਕਾਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।