ਗ਼ਾਜ਼ੀਪੁਰ ਬਾਰਡਰ ’ਤੇ ਪਹਿਲਾਂ ਨਾਲੋਂ ਵੀ ਵੱਧ ਪਹੁੰਚੇ ਕਿਸਾਨ, ਸਿਆਸੀ ਲੀਡਰ ਵੀ ਟਿਕੈਤ ਨੂੰ ਮਿਲੇ
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕੱਲ੍ਹ ਦੇਰ ਰਾਤੀਂ ਸਰਕਾਰ ਉੱਤੇ ਕਿਸਾਨਾਂ ਉੱਤੇ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ ਤੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਦਿੱਲੀ ਦੇ ਬਾਰਡਰਾਂ ਉੱਤੇ ਪੁੱਜਣ ਦੀ ਅਪੀਲ ਵੀ ਕੀਤੀ ਸੀ।
ਨਵੀਂ ਦਿੱਲੀ: ਦੋ ਦਿਨਾਂ ਦੇ ਤਣਾਅ ਭਰੇ ਦਿਨਾਂ ਤੋਂ ਬਾਅਦ ਦਿੱਲੀ ਦੇ ਗ਼ਾਜ਼ੀਪੁਰ ਬਾਰਡਰ ਉੱਤੇ ਰੌਣਕਾਂ ਪਰਤ ਆਈਆਂ ਹਨ। ਕਿਸਾਨਾਂ ਦੇ ਚਿਹਰੇ ਉੱਤੇ ਮੁਸਕਰਾਹਟ ਵੀ ਸਹਿਜੇ ਹੀ ਵੇਖੀ ਜਾ ਸਕਦੀ ਹੈ; ਜਦ ਕਿ ਪਿਛਲੇ ਦੋ ਦਿਨ ਇੱਥੇ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਕਰ ਦਿੱਤੀ ਗਈ ਸੀ। ਅੱਜ ਸ਼ੁੱਕਰਵਾਰ ਨੂੰ ਇੱਥੇ ਮਾਹੌਲ ਬਿਲਕੁਲ ਉਲਟ ਵਿਖਾਈ ਦਿੱਤਾ। ਇੱਥੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧ ਕੇ 20,000 ਹੋ ਵੱਧ ਹੋ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕੱਲ੍ਹ ਦੇਰ ਰਾਤੀਂ ਸਰਕਾਰ ਉੱਤੇ ਕਿਸਾਨਾਂ ਉੱਤੇ ਹਮਲੇ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ ਤੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਦਿੱਲੀ ਦੇ ਬਾਰਡਰਾਂ ਉੱਤੇ ਪੁੱਜਣ ਦੀ ਅਪੀਲ ਵੀ ਕੀਤੀ ਸੀ। ਉਸੇ ਅਪੀਲ ਸਦਕਾ ਅੱਜ ਬਾਰਡਰ ਉੱਤੇ ਕਿਸਾਨਾਂ ਦੀ ਮੌਜੂਦਗੀ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ।
ਸਹਾਰਨਪੁਰ ਜ਼ਿਲ੍ਹੇ ਦੇ ਜੋਗੀਪੁਰਾ ਤੋਂ ਆਏ ਸਲੀਮ ਚੌਧਰੀ ਨੇ ਦੱਸਿਆ ਕਿ ਬੀਤੀ 25 ਜਨਵਰੀ ਵਰਗਾ ਇਕੱਠ ਅੱਜ ਵੀ ਵੇਖਣ ਨੂੰ ਮਿਲ ਰਿਹਾ ਹੈ। ਉਸ ਦਿਨ ਕਾਰਾਂ ਤੇ ਜੀਪਾਂ ਦੀ ਗਿਣਤੀ ਵੱਧ ਸੀ ਤੇ ਅੱਜ ਉਨ੍ਹਾਂ ਦਾ ਸਥਾਨ ਟ੍ਰੈਕਟਰਾਂ ਨੇ ਲੈ ਲਿਆ ਹੈ। ਅੱਜ ਮੁਜ਼ੱਫ਼ਰਨਗਰ, ਸਹਾਰਨਪੁਰ, ਦਿਓਬੰਦ, ਸਰਸਾਵਾ, ਬਾਗ਼ਪਤ ਤੇ ਬਾਰੋਟ ਤੋਂ ਹਜ਼ਾਰਾਂ ਕਿਸਾਨ ਗ਼ਾਜ਼ੀਪੁਰ ਬਾਰਡਰ ਉੱਤੇ ਪੁੱਜੇ। ਉਨ੍ਹਾਂ ਦੱਸਿਆ ਕਿ ਉੱਤਰਾਖੰਡ ਤੋਂ ਵੀ ਵੱਡੀ ਗਿਣਤੀ ’ਚ ਕਿਸਾਨ ਦਿੱਲੀ ਪੁੱਜੇ ਹਨ।
ਇਸ ਦੌਰਾਨ ਅੱਜ ਰਾਕੇਸ਼ ਟਿਕੈਤ ਨੂੰ ਮਿਲਣ ਲਈ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਸ਼ਟਰੀ ਲੋਕ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਐਮਪੀ ਜਯੰਤ ਚੌਧਰੀ, ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਤੇ ਦਿੱਲੀ ਕਾਂਗਰਸ ਦੇ ਆਗੂ ਅਲਕਾ ਲਾਂਬਾ ਜਿਹੇ ਕਈ ਸਿਆਸੀ ਆਗੂ ਆਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ