ਗੁਜਰਾਤ 'ਚ ਬੀਜੇਪੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਅੰਕੜਿਆਂ ਨੇ ਉਡਾਏ ਹੋਸ਼, ਵਿਜੇ ਰੁਪਾਣੀ ਨੂੰ ਕੀਤਾ ਆਊਟ
ਪਿਛਲੀਆਂ ਤਿੰਨ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਲਗਾਤਾਰ ਘਟ ਰਹੀਆਂ ਹਨ ਤੇ ਕਾਂਗਰਸ ਨੂੰ ਲਾਭ ਹੋ ਰਿਹਾ ਹੈ। ਭਾਜਪਾ ਨੇ 2007 ਵਿੱਚ 117 ਸੀਟਾਂ ਜਿੱਤੀਆਂ ਸਨ, ਜੋ 2017 ਦੀਆਂ ਚੋਣਾਂ ਵਿੱਚ ਘਟ ਕੇ 99 ਰਹਿ ਗਈਆਂ।
ਅਹਿਮਦਾਬਾਦ: ਗੁਜਰਾਤ ’ਚ ਅਗਲੇ ਸਾਲ ਦਸੰਬਰ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਇਸ ਤੋਂ ਪਹਿਲਾਂ ਰਾਜ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਅਸਤੀਫਾ ਦੇ ਚੁੱਕੇ ਹਨ। ਇਸੇ ਤਰਜ਼ 'ਤੇ ਚੱਲਦਿਆਂ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਵੀ 2017 ਦੀਆਂ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ।
ਚੋਣ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਨੂੰ ਬਦਲ ਕੇ ਭਾਜਪਾ ਦੇ ਸੱਤਾ ਵਿਰੋਧੀ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਅਸੀਂ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਝਾਤ ਪਾਈਏ, ਤਾਂ ਵਿਜੇ ਰੁਪਾਣੀ ਦੇ ਅਸਤੀਫੇ ਦਾ ਕਾਰਨ ਹੋਰ ਵੀ ਸਪਸ਼ਟ ਹੋ ਜਾਂਦਾ ਹੈ।
ਪਿਛਲੀਆਂ ਤਿੰਨ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਲਗਾਤਾਰ ਘਟ ਰਹੀਆਂ ਹਨ ਤੇ ਕਾਂਗਰਸ ਨੂੰ ਲਾਭ ਹੋ ਰਿਹਾ ਹੈ। ਭਾਜਪਾ ਨੇ 2007 ਵਿੱਚ 117 ਸੀਟਾਂ ਜਿੱਤੀਆਂ ਸਨ, ਜੋ 2017 ਦੀਆਂ ਚੋਣਾਂ ਵਿੱਚ ਘਟ ਕੇ 99 ਰਹਿ ਗਈਆਂ। ਇਸ ਦੇ ਨਾਲ ਹੀ ਕਾਂਗਰਸ ਨੇ 2007 ਦੀਆਂ ਚੋਣਾਂ ਵਿੱਚ 59 ਸੀਟਾਂ ਜਿੱਤੀਆਂ ਸਨ, ਜੋ 2017 ਦੀਆਂ ਚੋਣਾਂ ਵਿੱਚ ਵਧ ਕੇ 77 ਹੋ ਗਈਆਂ ਸਨ।
ਦਸੰਬਰ 2022 ਵਿੱਚ ਗੁਜਰਾਤ ਦੀਆਂ 182 ਸੀਟਾਂ ਲਈ ਚੋਣਾਂ ਹੋਣੀਆਂ ਹਨ। ਬਹੁਮਤ ਦਾ ਅੰਕੜਾ 92 ਹੈ ਤੇ ਭਾਜਪਾ ਕੋਲ ਇਸ ਵੇਲੇ 99 ਸੀਟਾਂ ਹਨ। ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 5 ਹਜ਼ਾਰ ਤੋਂ ਘੱਟ ਵੋਟਾਂ ਦੇ ਫਰਕ ਨਾਲ 16 ਸੀਟਾਂ ਜਿੱਤੀਆਂ ਸਨ। ਜੇ ਇਸ ਵਾਰ ਭਾਜਪਾ ਦੀਆਂ 16 ਸੀਟਾਂ ਵੀ ਸੱਤਾ ਵਿਰੋਧੀ ਲਹਿਰ ਕਾਰਣ ਘਟ ਗਈਆਂ, ਤਾਂ ਉਨ੍ਹਾਂ ਦੀ ਗਿਣਤੀ 83 ਰਹਿ ਜਾਵੇਗੀ।
ਇਸੇ ਤਰ੍ਹਾਂ, ਅਜਿਹੀਆਂ 32 ਸੀਟਾਂ ਹਨ, ਜਿੱਥੇ ਤੀਜੇ ਉਮੀਦਵਾਰ ਵੱਲੋਂ ਪਾਈਆਂ ਵੋਟਾਂ ਦੀ ਗਿਣਤੀ ਜਿੱਤ ਜਾਂ ਹਾਰ ਦੇ ਫਰਕ ਤੋਂ ਵੱਧ ਹੈ। ਭਾਜਪਾ ਨੇ ਅਜਿਹੀਆਂ 18 ਸੀਟਾਂ ਜਿੱਤੀਆਂ ਹਨ। ਜੇ 18 ਸੀਟਾਂ ਘੱਟ ਵੀ ਹੋਣ ਤਾਂ ਵੀ ਪਾਰਟੀ ਦਾ ਅੰਕੜਾ 81 ਸੀਟਾਂ ਰਹਿ ਜਾਵੇਗਾ। ਅਜਿਹੀ ਸਥਿਤੀ ਵਿੱਚ, ਭਾਜਪਾ ਬਹੁਮਤ ਦੇ ਅੰਕੜੇ ਤੋਂ ਦੂਰ ਰਹੇਗੀ ਤੇ ਗੁਜਰਾਤ ਵਿੱਚ ਬਣਿਆ ਪਾਰਟੀ ਦਾ ਕਿਲ੍ਹਾ ਢਹਿ-ਢੇਰੀ ਵੀ ਹੋ ਸਕਦਾ ਹੈ।