ਗੁਜਰਾਤ ਦੇ ਲੋਕ ਨਾਕਾਮ 'ਡਬਲ ਇੰਜਣ' ਸਰਕਾਰ ਨਹੀਂ, ਸਗੋਂ ਕੇਜਰੀਵਾਲ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ : ਭਗਵੰਤ ਮਾਨ
ਚੰਡੀਗੜ੍ਹ : ਗੁਜਰਾਤ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁਜਰਾਤ 'ਡਬਲ-ਇੰਜਣ' ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦਾ ਹੈ
ਚੰਡੀਗੜ੍ਹ : ਗੁਜਰਾਤ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੁਜਰਾਤ 'ਡਬਲ-ਇੰਜਣ' ਨਹੀਂ ਸਗੋਂ ਅਰਵਿੰਦ ਕੇਜਰੀਵਾਲ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦਾ ਹੈ ਕਿਉਂਕਿ ਕਾਂਗਰਸ ਅਤੇ ਭਾਜਪਾ ਦੇ ਇੰਜਣ 40-50 ਸਾਲ ਪੁਰਾਣੇ ਅਤੇ ਪੂਰੀ ਤਰ੍ਹਾਂ ਨਾਕਾਮ ਹਨ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ।
ਇੱਥੇ ਬਾਰਡੋਲੀ ਵਿੱਚ ਵਿਸ਼ਾਲ ਰੋਡ ਸ਼ੋਅ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਬਦਲਾਅ ਦੀ ਲਹਿਰ ਹੈ। ਭਾਜਪਾ ਵਾਲੇ ਡਬਲ ਇੰਜਣ ਵਾਲੀ ਸਰਕਾਰ ਦਾ ਰੌਲਾ ਪਾਉਂਦੇ ਹਨ ਪਰ ਇਸ ਵਾਰ ਗੁਜਰਾਤ ਦੇ ਲੋਕਾਂ ਨੂੰ ਕਿਸੇ ਫੇਲ੍ਹ ਡਬਲ ਇੰਜਣ ਦੀ ਨਹੀਂ ਸਗੋਂ ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ ਹੈ, ਜੋ ਸੂਬੇ ਵਿੱਚੋਂ ਵਿਕਾਸ ਕਰ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗਾ।
ਲੋਕਾਂ ਨੂੰ 'ਆਪ' ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਮਾਨ ਨੇ ਕਿਹਾ ਕਿ ਸੂਬੇ 'ਚ ਸਰਕਾਰ ਬਣਨ 'ਤੇ 'ਆਪ' ਗੁਜਰਾਤ 'ਚ ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਕਰੇਗੀ ਅਤੇ ਜਨਤਾ ਦੇ ਪੈਸੇ ਨੂੰ ਲੁੱਟਣ ਅਤੇ ਆਪਣਾ ਪੇਟ ਭਰਨ ਵਾਲੇ ਸਾਰੇ ਭ੍ਰਿਸ਼ਟ ਨੇਤਾਵਾਂ ਨੂੰ ਨੱਥ ਪਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਰੋਡ ਸ਼ੋਅ ਵਿੱਚ ਲੋਕਾਂ ਦਾ ਭਰਵਾਂ ਹੁੰਗਾਰਾ ਇਸ ਗੱਲ ਦਾ ਸਬੂਤ ਹੈ ਕਿ ਗੁਜਰਾਤ ਦੇ ਲੋਕ ਵੀ ਦਿੱਲੀ ਅਤੇ ਪੰਜਾਬ ਦਾ ਇਤਿਹਾਸ ਦੁਹਰਾਉਣ ਲਈ ਉਤਾਵਲੇ ਹਨ। ਇਸ ਵਾਰ ਆਮ ਲੋਕ ਪਿਛਲੇ 27 ਸਾਲਾਂ ਤੋਂ ਸੱਤਾ 'ਤੇ ਕਾਬਜ਼ ਭਾਜਪਾ ਦੇ ਸਿਆਸੀ ਕਿਲੇ ਨੂੰ ਢਹਿ-ਢੇਰੀ ਕਰ ਦੇਣਗੇ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚੁਣਨਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਬਦਲ ਦੀ ਘਾਟ ਕਾਰਨ ਦਹਾਕਿਆਂ ਤੋਂ ਗੁਜਰਾਤ ਵਿੱਚ ਸਰਕਾਰ ਚਲਾ ਰਹੀ ਹੈ। ਲੋਕ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਹੁਣ ਉਹ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਆਪ’ ਗੁਜਰਾਤ ਸਮੇਤ ਦੇਸ਼ ਭਰ ਵਿੱਚ ਝਾੜੂ ਨਾਲ ਸਿਆਸੀ ਮੈਦਾਨ ਵਿੱਚ ਫੈਲੀ ਗੰਦਗੀ ਨੂੰ ਸਾਫ਼ ਕਰੇਗੀ। ਗੁਜਰਾਤ ਵਿੱਚ ਆਮ ਆਦਮੀ ਪਾਰਟੀ ਯਕੀਨਨ ਸਰਕਾਰ ਬਣਾਏਗੀ ਕਿਉਂਕਿ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਜਾਂ ਭਾਜਪਾ ਨਾਲ ਨਹੀਂ ਹੈ, ਸਗੋਂ 'ਆਪ' ਦੀ ਲੜਾਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਧਦੀ ਮਹਿੰਗਾਈ, ਪੇਪਰ ਲੀਕ ਅਤੇ ਸੂਬੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਹੈ।