ਨਾਬਾਲਗ ਲੜਕੀ ਨੂੰ ਗਰਭਪਾਤ ਦੀ ਇਜਾਜ਼ਤ, ਅਦਾਲਤ ਨੇ ਕਿਹਾ- ਪੈਦਾ ਹੋਣ ਵਾਲਾ ਬੱਚਾ ਉਸ ਦੇ ਸਗੇ ਭਰਾ ਦਾ ਹੋਵੇਗਾ, ਇਸ ਲਈ...
Kerala High Court: ਨਾਬਾਲਗ ਲੜਕੀ ਦੇ ਪਿਤਾ ਨੇ ਕੇਰਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਨਾਬਾਲਗ 7 ਮਹੀਨੇ ਦੀ ਗਰਭਵਤੀ ਹੈ।
Kerala Minor Girl Abortion: ਕੇਰਲ ਹਾਈ ਕੋਰਟ (Kerala High Court) ਨੇ 15 ਸਾਲ ਦੀ ਨਾਬਾਲਗ ਲੜਕੀ ਦੇ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ। ਜਿਸ ਨੂੰ ਉਸ ਦੇ ਭਰਾ ਨੇ ਗਰਭਵਤੀ ਕਰ ਦਿੱਤਾ ਸੀ। ਬਾਰ ਅਤੇ ਬੈਂਚ ਅਨੁਸਾਰ ਇਹ ਪਟੀਸ਼ਨ ਨਾਬਾਲਗ ਲੜਕੀ ਦੇ ਪਿਤਾ ਵੱਲੋਂ ਦਾਇਰ ਕੀਤੀ ਗਈ ਸੀ। ਅਦਾਲਤ ਨੇ ਗਰਭਪਾਤ (Abortion) ਦੀ ਇਜਾਜ਼ਤ ਦਿੰਦੇ ਹੋਏ ਕਿਹਾ ਕਿ ਜੇ ਗਰਭਪਾਤ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਮੈਡੀਕਲ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਜਸਟਿਸ ਜ਼ਿਆਦ ਰਹਿਮਾਨ ਏਏ ਨੇ ਕਿਹਾ, ਲੜਕੀ ਦੀ ਜਾਂਚ ਲਈ ਗਠਿਤ ਮੈਡੀਕਲ ਬੋਰਡ ਦੀ ਰਿਪੋਰਟ ਅਨੁਸਾਰ 32 ਹਫ਼ਤਿਆਂ ਤੋਂ ਵੱਧ ਗਰਭ ਅਵਸਥਾ 15 ਸਾਲ ਦੀ ਪੀੜਤਾ ਦੀ ਸਮਾਜਿਕ ਤੇ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਉਹਨਾਂ ਨੇ ਕਿਹਾ, ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਉਸ ਦੇ ਘਰ ਪੈਦਾ ਹੋਣ ਵਾਲਾ ਬੱਚਾ ਉਸ ਦੇ ਸਗੇ ਭਰਾ ਦਾ ਹੋਵੇਗਾ, ਉਸ ਲਈ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਮੈਡੀਕਲ ਪੇਚੀਦਗੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤ ਵਿੱਚ, ਪਟੀਸ਼ਨਕਰਤਾ ਦੁਆਰਾ ਗਰਭ ਅਵਸਥਾ ਨੂੰ ਖ਼ਤਮ ਕਰਨ ਲਈ ਮੰਗੀ ਗਈ ਇਜਾਜ਼ਤ ਲਾਜ਼ਮੀ ਹੈ।
"ਜ਼ਿੰਦਾ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ"
ਅਦਾਲਤ ਨੇ ਕਿਹਾ, ਮੈਡੀਕਲ ਰਿਪੋਰਟ 'ਤੇ ਵਿਚਾਰ ਕਰਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਲੜਕੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਗਰਭਪਾਤ ਲਈ ਠੀਕ ਹੈ। ਗਰਭ ਅਵਸਥਾ ਨੂੰ ਜਾਰੀ ਰੱਖਣ ਨਾਲ ਉਸਦੀ ਸਮਾਜਿਕ ਅਤੇ ਮਾਨਸਿਕ ਸਿਹਤ ਨੂੰ ਗੰਭੀਰ ਸੱਟ ਲੱਗਣ ਦੀ ਸੰਭਾਵਨਾ ਹੈ। ਅਦਾਲਤ ਨੇ ਕਿਹਾ, ਮੈਡੀਕਲ ਬੋਰਡ ਮੁਤਾਬਕ ਬੱਚੀ ਦੇ ਜ਼ਿੰਦਾ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਹੈ। ਜਸਟਿਸ ਰਹਿਮਾਨ ਨੇ ਕਿਹਾ, ਅਜਿਹੀ ਸਥਿਤੀ 'ਚ ਮੈਂ ਪਟੀਸ਼ਨਕਰਤਾ ਦੀ ਬੇਟੀ ਨੂੰ ਮੈਡੀਕਲ ਗਰਭਪਾਤ ਕਰਵਾਉਣ ਦੀ ਇਜਾਜ਼ਤ ਦਿੰਦਾ ਹਾਂ।
ਅਗਲੀ ਸੁਣਵਾਈ ਹੋਵੇਗੀ 19 ਮਈ ਨੂੰ
ਅਦਾਲਤ ਨੇ ਇਸ ਮਾਮਲੇ ਨੂੰ 19 ਮਈ ਤੋਂ ਇੱਕ ਹਫ਼ਤੇ ਬਾਅਦ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਅਦਾਲਤ ਨੇ ਕਿਹਾ, ਪ੍ਰਕਿਰਿਆ ਪੂਰੀ ਹੋਣ ਸਬੰਧੀ ਰਿਪੋਰਟ ਅਗਲੀ ਤਰੀਕ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। ਅਦਾਲਤ ਨੇ ਜ਼ਿਲ੍ਹਾ ਮੈਡੀਕਲ ਅਫ਼ਸਰ ਅਤੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਨੂੰ ਬਿਨਾਂ ਕਿਸੇ ਦੇਰੀ ਦੇ ਨਾਬਾਲਗ ਲੜਕੀ ਦੀ ਗਰਭ ਅਵਸਥਾ ਨੂੰ ਡਾਕਟਰੀ ਤੌਰ 'ਤੇ ਖ਼ਤਮ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।