Himachal Tourism: ਕੋਵਿਡ ਮਗਰੋਂ ਹਿਮਾਚਲ 'ਚ ਸੈਲਾਨੀਆਂ ਨੇ ਤੋੜੇ ਪੁਰਾਣੇ ਸਾਰੇ ਰਿਕਾਰਡ, ਮਈ ਤੱਕ ਆਏ 66 ਲੱਖ ਤੋਂ ਵੱਧ ਲੋਕ
ਹਿਮਾਚਲ ਟੂਰਿਜ਼ਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਕਸ਼ਯਪ ਨੇ ਕਿਹਾ ਕਿ ਕੋਵਿਡ ਤੋਂ ਪਹਿਲਾਂ 2019 ਵਿੱਚ ਇੱਕ ਸਾਲ ਵਿੱਚ 1 ਕਰੋੜ 72 ਲੱਖ 12 ਹਜ਼ਾਰ 107 ਸੈਲਾਨੀ ਆਏ ਸਨ।
Tourist in Himachal Pradesh: ਦੋ ਸਾਲਾਂ ਤੋਂ ਕੋਵਿਡ-19 ਦੀ ਮਾਰ ਝੱਲ ਰਹੇ ਹਿਮਾਚਲ ਦੇ ਸੈਰ-ਸਪਾਟਾ ਸੀਜ਼ਨ ਨੇ ਇਸ ਵਾਰ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਹਿਮਾਚਲ 'ਚ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਇਸ ਵਾਰ ਇਹ ਅੰਕੜਾ 2 ਕਰੋੜ ਦੇ ਕਰੀਬ ਹੋਵੇਗਾ। ਇਸ ਵਾਰ ਗਰਮੀ ਵਧਣ ਤੋਂ 15 ਦਿਨ ਪਹਿਲਾਂ ਸੈਰ ਸਪਾਟੇ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਮੈਦਾਨੀ ਇਲਾਕਿਆਂ ਤੋਂ ਸੈਲਾਨੀ ਸ਼ਾਂਤੀ ਦੀ ਭਾਲ ਵਿੱਚ ਪਹਾੜਾਂ ਦਾ ਰੁਖ ਕਰ ਰਹੇ ਹਨ।
31 ਮਈ ਤੱਕ 66 ਲੱਖ 79 ਹਜ਼ਾਰ 145 ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚ ਚੁੱਕੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੂਨ ਮਹੀਨੇ ਵਿੱਚ ਸੈਲਾਨੀਆਂ ਦਾ ਇਹ ਅੰਕੜਾ ਹੋਰ ਵੀ ਵੱਧ ਜਾਵੇਗਾ। ਹਾਲਾਂਕਿ, ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਇਨ੍ਹਾਂ ਵਿੱਚੋਂ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਸਿਰਫ਼ 4303 ਹੈ। ਜਦੋਂ ਕਿ ਸਾਲ 2020 'ਚ ਸਿਰਫ 32 ਲੱਖ ਅਤੇ 2021 'ਚ ਸਿਰਫ 55 ਲੱਖ ਸੈਲਾਨੀਆਂ ਨੇ ਪੂਰੇ ਸਾਲ ਹਿਮਾਚਲ ਪ੍ਰਦੇਸ਼ ਦਾ ਰੁਖ ਕੀਤਾ ਸੀ।
2019 ਦੇ ਮੁਕਾਬਲੇ ਇਸ ਵਾਰ ਮਈ ਮਹੀਨੇ ਵਿੱਚ ਜ਼ਿਆਦਾ ਸੈਲਾਨੀ ਆਏ
ਹਿਮਾਚਲ ਟੂਰਿਜ਼ਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਕਸ਼ਯਪ ਨੇ ਕਿਹਾ ਕਿ ਕੋਵਿਡ ਤੋਂ ਪਹਿਲਾਂ 2019 ਵਿੱਚ ਇੱਕ ਸਾਲ ਵਿੱਚ 1 ਕਰੋੜ 72 ਲੱਖ 12 ਹਜ਼ਾਰ 107 ਸੈਲਾਨੀ ਆਏ ਸਨ। ਜਿਸ 'ਚ ਅਪ੍ਰੈਲ ਮਹੀਨੇ 'ਚ 17 ਲੱਖ 81 ਹਜ਼ਾਰ 885 ਸੈਲਾਨੀ ਹਿਮਾਚਲ ਆਏ ਜਦਕਿ ਮਈ ਮਹੀਨੇ 'ਚ 17 ਲੱਖ 27 ਹਜ਼ਾਰ 329 ਸੈਲਾਨੀ ਹਿਮਾਚਲ ਪਹੁੰਚੇ। ਇਸ ਦੇ ਮੁਕਾਬਲੇ ਚਾਲੂ ਸਾਲ ਦੇ ਅਪਰੈਲ ਮਹੀਨੇ ਵਿੱਚ 17 ਲੱਖ 47 ਹਜ਼ਾਰ 727 ਸੈਲਾਨੀ ਹਿਮਾਚਲ ਆਏ ਜਦਕਿ ਮਈ ਮਹੀਨੇ ਵਿੱਚ 19 ਲੱਖ 67 ਹਜ਼ਾਰ 984 ਸੈਲਾਨੀ ਹਿਮਾਚਲ ਪੁੱਜੇ। ਯਾਨੀ 2019 ਦੇ ਮੁਕਾਬਲੇ 2022 ਵਿੱਚ ਮਈ ਮਹੀਨੇ ਦੌਰਾਨ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ
ਪਰ ਇਸ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਮਈ 2019 'ਚ 41 ਹਜ਼ਾਰ 276 ਵਿਦੇਸ਼ੀ ਸੈਲਾਨੀ ਹਿਮਾਚਲ 'ਚ ਆਏ ਸਨ, ਜੋ 2022 'ਚ ਘੱਟ ਕੇ ਸਿਰਫ 2020 'ਤੇ ਰਹਿ ਗਏ ਹਨ ਕਿਉਂਕਿ ਕੋਰੋਨਾ ਕਾਰਨ ਵਿਦੇਸ਼ੀ ਸੈਰ-ਸਪਾਟਾ ਖੇਤਰ ਅਜੇ ਵੀ ਉੱਭਰ ਨਹੀਂ ਸਕਿਆ ਹੈ।
ਹਿਮਾਚਲ ਦੇ ਸੈਰ ਸਪਾਟਾ ਖੇਤਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ
ਅੱਜਕੱਲ੍ਹ ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ 'ਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ। ਸੜਕਾਂ ਘੰਟਿਆਂਬੱਧੀ ਜਾਮ ਰਹੀਆਂ ਹਨ ਜਦਕਿ ਹੋਟਲ ਪੂਰੀ ਤਰ੍ਹਾਂ ਖਚਾਖਚ ਭਰੇ ਹਨ। ਹਰ ਰੋਜ਼ 5 ਹਜ਼ਾਰ ਵਾਹਨ ਸ਼ਿਮਲਾ ਵਿਚ ਹੀ ਦਾਖਲ ਹੋ ਰਹੇ ਹਨ। ਵੀਕਐਂਡ 'ਤੇ ਸੈਲਾਨੀਆਂ ਦੀ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਹਿਮਾਚਲ ਦੇ ਸੈਰ ਸਪਾਟਾ ਖੇਤਰ ਨਾਲ ਜੁੜੇ ਲੋਕ ਸੈਲਾਨੀਆਂ ਦੀ ਭੀੜ ਤੋਂ ਕਾਫੀ ਖੁਸ਼ ਹਨ।