India-Pakistan: ਭਾਰਤ-ਪਾਕਿਸਾਨ ਤਣਾਅ ਤੇ ਸੰਯੁਕਤ ਰਾਸ਼ਟਰ ਦਾ ਐਕਸ਼ਨ! ਨਹੀਂ ਹੋਏਗੀ ਕੋਈ ਜੰਗ?
ਸੰਯੁਕਤ ਰਾਸ਼ਟਰ ਨੇ ਭਾਰਤ ਤੇ ਪਾਕਿਸਾਨ ਨੂੰ ਫੌਜੀ ਟਕਰਾਅ ਤੋਂ ਵਰਜਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਵਧਦੇ....

India-Pakistan: ਸੰਯੁਕਤ ਰਾਸ਼ਟਰ ਨੇ ਭਾਰਤ ਤੇ ਪਾਕਿਸਾਨ ਨੂੰ ਫੌਜੀ ਟਕਰਾਅ ਤੋਂ ਵਰਜਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਵਧਦੇ ਫੌਜੀ ਟਕਰਾਅ ’ਤੇ ਫ਼ਿਕਰ ਜਤਾਇਆ ਹੈ। ਯੂਐਨ ਮੁਖੀ ਨੇ ਦੋਵਾਂ ਗੁਆਂਢੀ ਮੁਲਕਾਂ ਨੂੰ ‘ਸੰਜਮ ਨਾਲ ਕੰਮ ਲੈਣ ਤੇ ਤਣਾਅ ਘਟਾਉਣ’ ਦਾ ਸੱਦਾ ਦਿੱਤਾ ਹੈ।
ਗੁਟੇਰੇਜ਼ ਨੇ ਕਿਹਾ, ‘‘ਇਸ ਨਾਜ਼ੁਕ ਮੌਕੇ ’ਤੇ ਫੌਜੀ ਟਕਰਾਅ ਤੋਂ ਬਚਣ ਦੀ ਲੋੜ ਹੈ, ਜੋ ਆਸਾਨੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ।’’ ਗੁਟੇਰੇਜ਼ ਨੇ ਸੰਖੇਪ ਬਿਆਨ ਵਿੱਚ ਦੋਵਾਂ ਮੁਲਕਾਂ ਨੂੰ ਸਲਾਹ ਦਿੱਤੀ ਕਿ ‘ਉਹ ਕੋਈ ਗਲਤੀ ਨਾ ਕਰਨ, ਕਿਉਂਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਦਾ ਆਹਮੋ ਸਾਹਮਣੇ ਹੋਣਾ ਇਸ ਮਸਲੇ ਦਾ ਕੋਈ ਹੱਲ ਨਹੀਂ ਹੈ।’’ ਗੁਟੇਰੇਜ਼ ਨੇ ਦੋਵਾਂ ਮੁਲਕਾਂ ਨੂੰ ਪੇਸ਼ਕਸ਼ ਕੀਤੀ ਕਿ ਉਨ੍ਹਾਂ ਦਾ ਦਫ਼ਤਰ ਸ਼ਾਂਤੀ ਦੀ ਬਹਾਲੀ ਵਿੱਚ ਮਦਦ ਕਰ ਸਕਦਾ ਹੈ।
ਗੁਟੇਰੇਜ਼ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਅਜਿਹੀ ਕਿਸੇ ਵੀ ਪਹਿਲਕਦਮੀ ਦੀ ਹਮਾਇਤ ਲਈ ਤਿਆਰ ਹੈ ਜੋ ਤਣਾਅ ਘਟਾਉਣ, ਕੂਟਨੀਤੀ ਅਤੇ ਸ਼ਾਂਤੀ ਪ੍ਰਤੀ ਨਵੀਂ ਵਚਨਬੱਧਤਾ ਨੂੰ ਉਤਸ਼ਾਹਿਤ ਕਰਦੀ ਹੈ।’’ ਗੁਟੇਰੇਜ਼ ਦੀ ਇਹ ਟਿੱਪਣੀ ਦੋਵਾਂ ਮੁਲਕਾਂ ਵਿਚ ਬਣੇ ਤਣਾਅ ਨੂੰ ਲੈ ਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੋਣ ਵਾਲੀ ਬੰਦ ਕਮਰਾ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਆਈ ਹੈ। ਪਾਕਿਸਤਾਨ, ਜੋ ਯੂਐਨਐੈਸਸੀ ਦਾ ਅਸਥਾਈ ਮੈਂਬਰ ਹੈ, ਨੇ ਹੰਗਾਮੀ ਬੈਠਕ ਬੁਲਾਉਣ ਦੀ ਮੰਗ ਕੀਤੀ ਸੀ।
ਦੱਸ ਦਈਏ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਜੰਗੀ ਤਿਆਰੀਆਂ ਵਿੱਚ ਲੱਗੇ ਹੋਏ ਹਨ। ਭਾਰਤ ਨਾਲ ਵਧੇ ਤਣਾਅ ਵਿਚਾਲੇ ਪਾਕਿਸਤਾਨ ਨੇ 120 ਕਿਲੋਮੀਟਰ ਦੀ ਰੇਂਜ ਵਾਲੀ ‘ਫ਼ਤਹਿ ਸੀਰੀਜ਼’ ਦੀ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫ਼ਲ ਸਿਖਲਾਈ ਪਰੀਖਣ ਕੀਤਾ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਬਿਆਨ ਵਿੱਚ ਕਿਹਾ ਕਿ ਚੱਲ ਰਹੇ ਅਭਿਆਸ ‘ਇੰਡਸ’ ਦੇ ਇਕ ਹਿੱਸੇ ਵਜੋਂ ‘ਫ਼ਤਹਿ ਸੀਰੀਜ਼’ ਦਾ ਪਰੀਖਣ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ, ‘‘ਇਸ ਪਰੀਖਣ ਦਾ ਉਦੇਸ਼ ਫੌਜੀਆਂ ਦੀਆਂ ਜੰਗੀ ਤਿਆਰੀਆਂ ਯਕੀਨੀ ਬਣਾਉਣਾ ਤੇ ਮਿਜ਼ਾਈਲ ਦੀ ਉੱਨਤ ਨੇਵੀਗੇਸ਼ਨ ਪ੍ਰਣਾਲੀ ਤੇ ਵਧੀ ਹੋਈ ਸਟੀਕਤਾ ਸਣੇ ਪ੍ਰਮੁੱਖ ਤਕਨੀਕੀ ਮਾਪਦੰਡਾਂ ਨੂੰ ਪ੍ਰਮਾਣਿਤ ਕਰਨਾ ਸੀ।’






















