ਖੁਸ਼ਖਬਰੀ! ਭਾਰਤ ਸਰਕਾਰ ਵੰਡੇਗੀ ਪੰਜ ਲੱਖ ਫਰੀ ਵੀਜ਼ੇ
ਮਹਾਮਾਰੀ ਕਾਰਨ ਸੈਰ-ਸਪਾਟਾ, ਮਹਿਮਾਨਨਿਵਾਜ਼ੀ ਤੇ ਹਵਾਬਾਜ਼ੀ ਸੈਕਟਰ ਦਾ ਵੱਡਾ ਨੁਕਸਾਨ ਹੋਇਆ। ਗ੍ਰਹਿ ਮੰਤਰਾਲਾ ਇਸ ਮੁੱਦੇ 'ਤੇ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਚਰਚਾ ਕਰ ਰਿਹਾ ਹੈ ਤੇ ਅਗਲੇ ਦਸ ਦਿਨਾਂ 'ਚ ਐਲਾਨ ਕੀਤਾ ਜਾ ਸਕਦਾ ਹੈ।
ਨਵੀਂ ਦਿੱਲੀ: ਭਾਰਤ ਸਰਕਾਰ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਪੰਜ ਲੱਖ ਵੀਜ਼ੇ ਬਿਨਾਂ ਫੀਸ ਤੋਂ ਦੇਵੇਗੀ। ਕੋਰੋਨਾ ਕਰਕੇ ਭਾਰਤ ਵਿੱਚ ਵਿਦੇਸ਼ੀ ਸੈਲਾਨੀ ਨਹੀਂ ਆ ਰਹੇ। ਇਸ ਨਾਲ ਸੈਰ ਸਪਾਟਾ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਨੂੰ ਵੇਖਦਿਆਂ ਹੀ ਭਾਰਤ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ।
ਸੂਤਰਾਂ ਮੁਤਾਬਕ ਭਾਰਤ ਵਿੱਚ ਕਰੋਨਾ ਦੇ ਕੇਸ ਘਟਣ ਦੇ ਮੱਦੇਨਜ਼ਰ ਸਰਕਾਰ ਜਲਦੀ ਹੀ ਮੁਲਕ ਨੂੰ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹ ਸਕਦੀ ਹੈ। ਅਧਿਕਾਰੀਆਂ ਮੁਤਾਬਕ ਡੇਢ ਸਾਲ ਮਗਰੋਂ ਇਹ ਫ਼ੈਸਲਾ ਜਲਦੀ ਹੀ ਲਿਆ ਜਾ ਸਕਦਾ ਹੈ। ਪਹਿਲੇ ਪੰਜ ਲੱਖ ਵੀਜ਼ੇ ਬਿਨਾਂ ਫੀਸ ਤੋਂ ਦਿੱਤੇ ਜਾਣਗੇ ਤਾਂ ਕਿ ਸੈਰ-ਸਪਾਟਾ ਸਨਅਤ ਨੂੰ ਮੁੜ ਪੈਰਾਂ-ਸਿਰ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਮਹਾਮਾਰੀ ਕਾਰਨ ਸੈਰ-ਸਪਾਟਾ, ਮਹਿਮਾਨਨਿਵਾਜ਼ੀ ਤੇ ਹਵਾਬਾਜ਼ੀ ਸੈਕਟਰ ਦਾ ਵੱਡਾ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰਾਲਾ ਇਸ ਮੁੱਦੇ ਉਤੇ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਚਰਚਾ ਕਰ ਰਿਹਾ ਹੈ ਤੇ ਅਗਲੇ ਦਸ ਦਿਨਾਂ ਵਿਚ ਐਲਾਨ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਕੋਵਿਡ ਟੀਕਾਕਰਨ 80 ਕਰੋੜ ਤੋਂ ਉਪਰ ਚਲਾ ਗਿਆ ਹੈ। ਇਸ ਲਈ ਸਰਕਾਰ ਅਹਿਮ ਫੈਸਲਾ ਲੈ ਸਕਦੀ ਹੈ।
ਦੱਸ ਦਈਏ ਕਿ ਮੁਫ਼ਤ ਵੀਜ਼ਾ ਸੈਲਾਨੀਆਂ ਨੂੰ 31 ਮਾਰਚ, 2022 ਤੱਕ ਦਿੱਤਾ ਜਾਵੇਗਾ। ਸਰਕਾਰ ਫ਼ੀਸ ਦਾ 100 ਕਰੋੜ ਰੁਪਏ ਦਾ ਬੋਝ ਖ਼ੁਦ ਝੱਲੇਗੀ। ਮਹੀਨੇ ਦੇ ਈ-ਟੂਰਿਸਟ ਵੀਜ਼ਾ ਦੀ ਫੀਸ ਵੱਖ-ਵੱਖ ਮੁਲਕਾਂ ਲਈ ਅਲੱਗ-ਅਲੱਗ ਹੈ ਪਰ ਇਹ ਕਰੀਬ 25 ਡਾਲਰ ਹੈ। ਸਾਲ ਦੇ ਮਲਟੀਪਲ ਵੀਜ਼ਾ ਦੀ ਫੀਸ 40 ਡਾਲਰ ਹੈ। ਈ-ਟੂਰਿਸਟ ਵੀਜ਼ਾ ਮਾਰਚ 2020 ਤੋਂ ਬੰਦ ਹੈ।
ਇਹ ਵੀ ਪੜ੍ਹੋ: WhatsApp Tips: WhatsApp ’ਤੇ ਆਇਆ ਮੈਸੇਜ ਫ਼ਰਜ਼ੀ ਜਾਂ ਸਹੀ, ਇੰਝ ਕਰੋ ਪਛਾਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin