Oxygen Express Trains: Indian Railways ਦਾ ਵੱਡਾ ਫੈਸਲਾ, ਕੋਰੋਨਾ ਕਾਲ ਦੌਰਾਨ ਮਦਦ ਲਈ ਚਲਾਵੇਗਾ ਆਕਸੀਜਨ ਐਕਸਪ੍ਰੈਸ
ਰੇਲਵੇ ਮੰਤਰਾਲੇ ਨੇ ਕਿਹਾ ਟੈਂਕਰਾਂ ਨੂੰ ਲੈਣ ਅਤੇ ਲੋਡ ਕਰਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਜ਼ੋਨਲ ਰੇਲਵੇ ਸੈਂਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਸ਼ਾਖਾਪਟਨਮ, ਅੰਗੁਲ ਅਤੇ ਭਿਲਾਈ ਵਿਖੇ ਰੈਂਪ ਤਿਆਰ ਕੀਤੇ ਗਏ ਹਨ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਦੇਸ਼ ਦੀ ਸਥਿਤੀ ਦਿਨੋ-ਦਿਨ ਖਤਰਨਾਕ ਹੁੰਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਭਾਰਤੀ ਰੇਲਵੇ ਮਦਦ ਲਈ ਅੱਗੇ ਆਇਆ ਹੈ। ਦੱਸ ਦਈਏ ਕਿ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਆਕਸੀਜਨ ਐਕਸਪ੍ਰੈਸ ਰੇਲਾਂ ਚਲਾਈਆਂ ਜਾਣਗੀਆਂ। ਰੇਲਵੇ ਅਗਲੇ ਕੁਝ ਦਿਨਾਂ ਵਿੱਚ ਦੇਸ਼ ਭਰ ਵਿੱਚ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਸਿਲੰਡਰ ਦੀ ਸਪਲਾਈ ਲਈ ‘ਆਕਸੀਜਨ ਐਕਸਪ੍ਰੈਸ’ ਚਲਾਏਗਾ।
ਦੇਸ਼ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਜ਼ਬਰਦਸਤ ਵਾਧੇ ਦੇ ਕਾਰਨ, ਮੈਡੀਕਲ ਆਕਸੀਜਨ ਦੀ ਮੰਗ ਵੱਧ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖਾਲੀ ਟੈਂਕਰ ਸੋਮਵਾਰ ਨੂੰ ਵਿਸ਼ਾਖਾਪਟਨਮ, ਜਮਸ਼ੇਦਪੁਰ, ਰੁੜਕੇਲਾ ਅਤੇ ਬੋਕਾਰੋ ਤੋਂ ਤਰਲ ਮੈਡੀਕਲ ਆਕਸੀਜਨ ਭਰਨ ਲਈ ਮੁੰਬਈ ਦੇ ਆਸ ਪਾਸ ਦੇ ਕਲੰਬੋਲੀ ਅਤੇ ਬੋਇਸਰ ਸਟੇਸ਼ਨਾਂ ਤੋਂ ਚੱਲਣਗੇ।
ਇੱਕ ਅਧਿਕਾਰੀ ਨੇ ਕਿਹਾ, “ਖਾਲੀ ਟੈਂਕਰ 19 ਅਪ੍ਰੈਲ ਨੂੰ ਚੱਲਣਗੇ, ਇਸ ਲਈ ਅਸੀਂ ਆਸ ਕਰਦੇ ਹਾਂ ਕਿ ਆਕਸੀਜਨ ਐਕਸਪ੍ਰੈਸ ਮੁਹਿੰਮ ਅਗਲੇ ਦਿਨਾਂ ਵਿਚ ਸ਼ੁਰੂ ਹੋ ਜਾਵੇਗੀ। ਜਿੱਥੇ ਵੀ ਮੰਗ ਹੈ, ਅਸੀਂ ਉੱਥੇ ਆਕਸੀਜਨ ਭੇਜਣ ਦੇ ਯੋਗ ਹੋਵਾਂਗੇ। ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਦੇ ਤੇਜ਼ੀ ਨਾਲ ਸੰਚਾਲਨ ਲਈ ਗ੍ਰੀਨ ਕੋਰੀਡੌਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।”
ਰੇਲਵੇ ਮੰਤਰਾਲੇ ਨੇ ਕਿਹਾ, “ਜ਼ੋਨਲ ਰੇਲਵੇ ਸੈਂਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਟੈਂਕਰਾਂ ਨੂੰ ਲੈਣ ਅਤੇ ਲੋਡ ਕਰਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦੀ ਤਿਆਰੀ ਨੂੰ ਯਕੀਨੀ ਬਣਾਉਣ। ਵਿਸ਼ਾਖਾਪਟਨਮ, ਅੰਗੁਲ ਅਤੇ ਭਿਲਾਈ ਵਿਖੇ ਰੈਂਪ ਤਿਆਰ ਕੀਤੇ ਗਏ ਹਨ। ਕਲੈਂਬੋਲੀ ਵਿਚ ਪਹਿਲਾਂ ਤੋਂ ਮੌਜੂਦ ਰੈਂਪ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।''
ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਕੀਤਾ ਕਿ ਰੇਲਵੇ ਕੋਰੋਨਾ ਖਿਲਾਫ ਲੜਾਈ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਅਸੀਂ ਗ੍ਰੀਨ ਕੋਰੀਡੌਰ ਬਣਾ ਕੇ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਚਲਾਵਾਂਗੇ, ਤਾਂ ਜੋ ਮਰੀਜ਼ ਸਹੀ ਮਾਤਰਾ ਵਿਚ ਆਕਸੀਜਨ ਤੇਜ਼ੀ ਨਾਲ ਹਾਸਲ ਕਰ ਸਕਣ। ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਸਿਲੰਡਰ ਆਕਸੀਜਨ ਰੇਲ ਗੱਡੀਆਂ ਵਿਚ ਲਿਜਾਏ ਜਾਣਗੇ।
ਇਹ ਵੀ ਪੜ੍ਹੋ: ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸਾਹਮਣੇ ਆਇਆ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin