ਰਸੋਈ ਗੈਸ ਹੋਈ ਮਹਿੰਗੀ, ਸਬਸਿਡੀ ਤੇ ਬਗੈਰ ਸਬਸਿਡੀ ਵਾਲੇ ਸਿਲੰਡਰਾਂ ਦੇ ਭਾਅ ਵਧੇ
ਰਸੋਈ ਗੈਸ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਵਾਧਾ ਹੋਇਆ ਹੈ। ਬਗੈਰ ਸਬਸੀਡੀ ਵਾਲਾ ਘਰੇਲੂ ਐਲਪੀਜੀ ਸਿਲੰਡਰ ਅੱਜ 25 ਰੁਪਏ ਮਹਿੰਗਾ ਹੋ ਗਿਆ ਹੈ ਜਦਕਿ ਸਬਸਿਡੀ ਵਾਲਾ ਸਿਲੰਡਰ ਇੱਕ ਰੁਪਏ 23 ਪੈਸੇ ਮਹਿੰਗਾ ਹੋਇਆ ਹੈ।
ਨਵੀਂ ਦਿੱਲੀ: ਰਸੋਈ ਗੈਸ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਵਾਧਾ ਹੋਇਆ ਹੈ। ਬਗੈਰ ਸਬਸੀਡੀ ਵਾਲਾ ਘਰੇਲੂ ਐਲਪੀਜੀ ਸਿਲੰਡਰ ਅੱਜ 25 ਰੁਪਏ ਮਹਿੰਗਾ ਹੋ ਗਿਆ ਹੈ ਜਦਕਿ ਸਬਸਿਡੀ ਵਾਲਾ ਸਿਲੰਡਰ ਇੱਕ ਰੁਪਏ 23 ਪੈਸੇ ਮਹਿੰਗਾ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਨੇ ਦੱਸਿਆ ਕਿ ਦਿੱਲੀ ਵਿੱਚ ਪਹਿਲੀ ਜੂਨ ਤੋਂ ਸਬਸਿਡੀ ਵਾਲਾ ਗੈਸ ਸਿਲੰਡਰ 497.37 ਰੁਪਏ ਵਿੱਚ ਮਿਲੇਗਾ। ਪਿਛਲੇ ਮਹੀਨੇ ਇਸ ਦੀ ਕੀਮਤ 496.14 ਰੁਪਏ ਸੀ।
ਇਸ ਤੋਂ ਇਲਾਵਾ ਬਗੈਰ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 25 ਰੁਪਏ ਵਧ ਗਈ ਹੈ। ਮਈ ਵਿੱਚ ਇਸ ਦੀ ਕੀਮਤ 725 ਰੁਪਏ ਸੀ ਜੋ ਜੂਨ ਵਿੱਚ ਵਧ ਕੇ 737.50 ਰੁਪਏ ਹੋ ਗਈ ਹੈ। ਇੰਡੀਆਨ ਆਇਲ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੇ ਡਾਲਰ ਦੀ ਤੁਲਨਾ 'ਚ ਰੁਪਏ ਦੀ ਦਰ ‘ਚ ਆਏ ਬਦਲਾਅ ਕਰਕੇ ਇਹ ਕੀਮਤਾਂ ਵਧੀਆਂ ਹਨ।
ਇਸ ਤੋਂ ਪਹਿਲਾਂ ਪਹਿਲੀ ਮਈ ਨੂੰ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਸਬਸੀਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਪਹਿਲੀ ਮਈ ਨੂੰ 28 ਪੈਸੇ ਦਾ ਵਾਧਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਦਿੱਲੀ ‘ਚ ਬਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 496.14 ਰੁਪਏ ਹੋ ਗਈ ਸੀ। 2014 ਦੇ ਮੁਕਾਬਲੇ ਹੁਣ ਤਕ ਬਗੈਰ ਸਬਸੀਡੀ ਵਾਲਾ ਸਿਲੰਡਰ 100 ਰੁਪਏ ਮਹਿੰਗਾ ਹੋ ਚੁੱਕਿਆ ਹੈ।