ਕੇਜਰੀਵਾਲ ਢਾਹੁਣਗੇ ਬੀਜੇਪੀ ਦੀਆਂ ਤੋਪਾਂ ਨਾਲ ਮੋਦੀ ਦਾ ਕਿਲ੍ਹਾ !
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦਾ ਰੁਖ 2019 ਲੋਕ ਸਭਾ ਚੋਣਾਂ ਲਈ ਬੀਜੇਪੀ ਦੇ ਬਾਗੀ ਨੇਤਾਵਾਂ ਵੱਲ ਹੈ। ਦਿੱਲੀ 'ਚ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਸਾਬਕਾ ਬੀਜੇਪੀ ਨੇਤਾ ਯਸ਼ਵੰਤ ਸਿਨ੍ਹਾ 2019 'ਚ ਦਿੱਲੀ ਤੋਂ ਲੋਕ ਸਭਾ ਚੋਣ ਲੜਨ। ਯਸ਼ਵੰਤ ਸਿਨ੍ਹਾ ਤੋਂ ਇਲਾਵਾ ਕੇਜਰੀਵਾਲ ਬੀਜੇਪੀ ਦੇ ਬਾਗੀ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਨੂੰ ਵੀ ਪੱਛਮੀ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਉਣਾ ਚਾਹੁੰਦੇ ਹਨ। ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਇਸ ਸਬੰਧੀ ਦੋਵਾਂ ਲੀਡਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਯਸ਼ਵੰਤ ਸਿਨ੍ਹਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨੇ ਸਾਧ ਰਹੇ ਹਨ। ਇਸ ਤੋਂ ਇਲਾਵਾ ਪਟਨਾ ਸਾਹਿਬ ਤੋਂ ਬੀਜੇਪੀ ਸੰਸਦ ਮੈਂਬਰ ਸ਼ੱਤਰੂਘਨ ਸਿਨ੍ਹਾ ਵੀ ਆਪਣੀ ਪਾਰਟੀ ਦੇ ਵੱਡੇ ਆਲੋਚਕ ਹਨ। ਉਨ੍ਹਾਂ ਕਈ ਵਾਰ ਪ੍ਰਧਾਨ ਮੰਤਰੀ ਮੋਦੀ ਦੀ ਵੀ ਆਲੋਚਨਾ ਕੀਤੀ ਹੈ।
ਇਸ ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਪਾਰਟੀ ਵੱਲੋਂ ਜਨ ਅਧਿਕਾਰ ਰੈਲੀ ਕੀਤੀ ਗਈ ਸੀ। ਇਸ ਰੈਲੀ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਯਸ਼ਵੰਤ ਸਿਨ੍ਹਾ ਵੀ ਸ਼ਾਮਲ ਹੋਏ ਸਨ। ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਬੀਜੇਪੀ ਨੇਤਾ ਆਮ ਆਦਮੀ ਪਾਰਟੀ ਨਾਲ ਦਿਖਾਈ ਦਿੱਤੇ ਹੋਣ। ਇਸ ਤੋਂ ਪਹਿਲਾਂ ਵੀ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਤੇ ਬੀਜੇਪੀ ਨੇਤਾ ਐਮਪੀ ਕੀਰਤੀ ਆਜ਼ਾਦ ਜਿਹੇ ਨੇਤਾ 'ਆਪ' ਦੇ ਸੰਪਰਕ 'ਚ ਹਨ।
ਯਸ਼ਵੰਤ ਸਿਨ੍ਹਾ ਨੇ ਆਖਰੀ ਵਾਰ 2009 'ਚ ਲੋਕ ਸਭਾ ਚੋਣ ਜਿੱਤੀ ਸੀ। ਸਾਲ 2014 'ਚ ਇਸ ਸੀਟ 'ਤੇ ਉਨ੍ਹਾਂ ਦੇ ਬੇਟੇ ਜਯੰਤ ਸਿਨ੍ਹਾ ਨੇ ਜਿੱਤ ਹਾਸਲ ਕੀਤੀ ਸੀ ਤੇ ਉਹ ਕੇਂਦਰ ਸਰਕਾਰ ਹਵਾਬਾਜ਼ੀ ਮੰਤਰੀ ਹਨ।