ਹਿਮਾਚਲ ਦੇ ਲੋਕਾਂ ਨੂੰ ਕੱਲ੍ਹ ਦੂਜੀ ਗਰੰਟੀ ਦੇਣਗੇ ਕੇਜਰੀਵਾਲ, ਸੀਐਮ ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਵੀ ਪਹੁੰਚਣਗੇ ਊਨਾ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰਦਿਆਂ ਆਮ ਆਦਮੀ ਪਾਰਟੀ (ਆਪ) ਵੀਰਵਾਰ (25 ਅਗਸਤ) ਸੂਬੇ ਦੇ ਲੋਕਾਂ ਲਈ ਦੂਜੀ ਗਾਰੰਟੀ ਦਾ ਐਲਾਨ ਕਰਨ ਜਾ ਰਹੀ ਹੈ।
ਚੰਡੀਗੜ੍ਹ/ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰਦਿਆਂ ਆਮ ਆਦਮੀ ਪਾਰਟੀ (ਆਪ) ਵੀਰਵਾਰ (25 ਅਗਸਤ) ਸੂਬੇ ਦੇ ਲੋਕਾਂ ਲਈ ਦੂਜੀ ਗਾਰੰਟੀ ਦਾ ਐਲਾਨ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਕਪਿਲਾ ਫਾਰਮ ਵਿਖੇ ਇੱਕ ਰੈਲੀ ਵਿੱਚ 'ਕੇਜਰੀਵਾਲ ਦੀ ਦੂਜੀ ਗਾਰੰਟੀ' ਦਾ ਐਲਾਨ ਕਰਨਗੇ।
ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ 'ਆਪ' ਹਿਮਾਚਲ ਵਾਸੀਆਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਲੋਕ ਪੱਖੀ ਕੰਮ ਕਰਨਾ ਚਾਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਬਿਹਤਰ ਸਿੱਖਿਆ, ਰੁਜ਼ਗਾਰ, ਸਿਹਤ ਤੇ ਇੱਕ ਇਮਾਨਦਾਰ ਸਰਕਾਰ ਪ੍ਰਦਾਨ ਕਰਨ ਲਈ ਆਮ ਆਦਮੀ ਪਾਰਟੀ 'ਇੱਕ ਮੌਕੇ' ਦੀ ਮੰਗ ਕਰ ਰਹੀ ਹੈ। ਪਿਛਲੇ ਹਫ਼ਤੇ, ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਿੱਖਿਆ ਦੇ ਖੇਤਰ ਨਾਲ ਸਬੰਧਤ ਪਹਿਲੀ ਗਾਰੰਟੀ ਦਿੱਤੀ ਸੀ। ਸਿੱਖਿਆ ਖੇਤਰ ਵਿੱਚ 'ਆਪ' ਨੂੰ ਤੇ 'ਦਿੱਲੀ ਮਾਡਲ' ਨੂੰ ਭਾਰਤ ਸਮੇਤ ਵਿਸ਼ਵ ਭਰ ਤੋਂ ਪ੍ਰਸ਼ੰਸ਼ਾ ਮਿਲੀ ਹੈ।
ਸਿੱਖਿਆ ਨਾਲ ਸਬੰਧਤ ਗਾਰੰਟੀ ਵਿੱਚ ਪੰਜ ਪ੍ਰਮੁੱਖ ਵਾਅਦੇ ਹੇਠ ਲਿਖੇ ਅਨੁਸਾਰ ਹਨ-
1. ਹਿਮਾਚਲ ਪ੍ਰਦੇਸ਼ ਵਿੱਚ ਹਰ ਪਰਿਵਾਰ ਦੇ ਹਰ ਬੱਚੇ ਨੂੰ ਮੁਫ਼ਤ ਸਿੱਖਿਆ।
2. ਸਾਰੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰਜ਼ 'ਤੇ ਵਿਸ਼ਵ ਪੱਧਰੀ ਬਣਾਇਆ ਜਾਵੇਗਾ।
3. ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਹਰ ਸਾਲ ਸਕੂਲੀ ਫੀਸਾਂ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
4. ਸਾਰੇ ਆਰਜ਼ੀ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਅਗਲੇ ਪੰਜ ਸਾਲਾਂ ਵਿੱਚ ਭਰੀਆਂ ਜਾਣਗੀਆਂ।
5. ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਵਾਧੂ ਕੰਮ ਨਹੀਂ ਸੌਂਪਿਆ ਜਾਵੇਗਾ।
'ਆਪ' ਬੁਲਾਰੇ ਅਨੁਸਾਰ ਪਿਛਲੇ 7 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਨਾ ਸਿਰਫ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ, ਸਗੋਂ ਮੁਫ਼ਤ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਕੇ ਜਨਤਕ ਸਿੱਖਿਆ ਪ੍ਰਣਾਲੀ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਵੀ ਬਹਾਲ ਕੀਤਾ ਹੈ ਤੇ ਹੁਣ ਪੰਜਾਬ ਵਿੱਚ ਵੀ ਇਹੀ ਹੋ ਰਿਹਾ ਹੈ।