ਕੁਦਰਤ ਦਾ ਕਹਿਰ! ਭਾਰੀ ਮੀਂਹ ਤੇ ਲੈਂਡਸਲਾਈਡ ਨਾਲ ਮ੍ਰਿਤਕਾਂ ਦੀ ਗਿਣਤੀ 31, ਬਚਾਅ ਕਾਰਜ ਵਿੱਚ ਫੌਜ ਦੀ ਮਦਦ
ਕੇਰਲ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 31 ਹੋ ਗਈ ਹੈ। ਕੇਰਲ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਚ ਜਾਰੀ ਹੈ।
Kerala Floods: ਕੇਰਲ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 31 ਹੋ ਗਈ ਹੈ। ਕੇਰਲ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਚ ਜਾਰੀ ਹੈ। ਰਾਹਤ ਤੇ ਬਚਾਅ ਕਾਰਜ ਨਿਰਵਿਘਨ ਚੱਲ ਰਹੇ ਹਨ। ਅੱਧੀ ਰਾਤ ਤੋਂ ਕਈ ਇਲਾਕਿਆਂ ਵਿੱਚ ਰੁਕ -ਰੁਕ ਕੇ ਮੀਂਹ ਪੈ ਰਿਹਾ ਹੈ। ਵਾਕੀ ਡੈਮ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅੱਜ ਪਟਨਮਥਿੱਟਾ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ।
ਇੱਥੇ ਐਨਡੀਆਰਐਫ ਦੀ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ। ਪੰਬਾ 'ਤੇ ਬਣੇ ਕੱਕੀ ਡੈਮ ਦੇ ਗੇਟ ਖੋਲ੍ਹੇ ਜਾਣਗੇ। ਡੈਮ ਤੋਂ ਆਉਣ ਵਾਲਾ ਪਾਣੀ ਨੀਵੇਂ ਇਲਾਕਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕੇਰਲ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਬਾਰਸ਼ ਕਾਰਨ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ। ਪੀਐਮ ਮੋਦੀ ਨੇ ਟਵੀਟ ਕੀਤਾ, “ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਤੇ ਕੇਰਲ ਵਿੱਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ।
ਅਧਿਕਾਰੀ ਜ਼ਖਮੀਆਂ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ।'' ਪੀਐਮ ਮੋਦੀ ਨੇ ਕਿਹਾ, "ਮੈਂ ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ।" ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਕਿਹਾ, "ਇਹ ਬਹੁਤ ਦੁਖਦਾਈ ਹੈ ਕਿ ਕੇਰਲ ਵਿੱਚ ਭਾਰੀ ਬਾਰਸ਼ ਅਤੇ ਢਿੱਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ। ਮੇਰੀ ਹਮਦਰਦੀ ਦੁਖੀ ਪਰਿਵਾਰਾਂ ਦੇ ਨਾਲ ਹਨ।"
ਐਤਵਾਰ ਰਾਤ ਤੱਕ 26 ਮੌਤਾਂ
ਜ਼ਿਕਰਯੋਗ ਹੈ ਕਿ ਕੇਰਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਿੱਥੇ ਇੱਕ ਪਾਸੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੇ ਹਨ, ਉੱਥੇ ਹੀ ਜ਼ਮੀਨ ਖਿਸਕਣ ਕਾਰਨ ਸਮੱਸਿਆ ਹੋਰ ਵਧ ਗਈ ਹੈ। ਕੇਰਲ ਵਿੱਚ ਦੋ ਦਿਨਾਂ ਤੋਂ ਆਏ ਹੜ੍ਹਾਂ ਤੇ ਬਾਰਸ਼ਾਂ ਨੇ ਦੋ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਐਤਵਾਰ ਰਾਤ ਤੱਕ ਕੇਰਲ ਵਿੱਚ 26 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਟਾਯਾਮ ਜ਼ਿਲ੍ਹੇ ਵਿੱਚ ਸਭ ਤੋਂ ਵੱਧ 13 ਲੋਕਾਂ ਦੀ ਮੌਤ ਹੋਈ ਹੈ। ਇਡੁੱਕੀ ਵਿੱਚ 9 ਅਤੇ ਅਲਾਪੁਝਾ ਜ਼ਿਲ੍ਹੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ।
ਹੜ੍ਹ ਨੇ ਲੋਕਾਂ ਨੂੰ ਬੇਘਰ ਕਰ ਦਿੱਤਾ
ਕੇਰਲ ਵਿੱਚ ਤਬਾਹੀ ਦੀ ਅਜਿਹੀਆਂ ਹੀ ਤਸਵੀਰਾਂ ਥਾਂ-ਥਾਂ ਨਜ਼ਰ ਆ ਰਹੀਆਂ ਹਨ। ਲੋਕਾਂ ਦੇ ਘਰ ਪੂਰੀ ਤਰ੍ਹਾਂ ਢਹਿ ਗਏ। ਕੇਰਲ ਵਿੱਚ ਕੁਦਰਤ ਦੇ ਇਸ ਹਮਲੇ ਦੇ ਪਿੱਛੇ ਦਾ ਕਾਰਨ ਅਰਬ ਸਾਗਰ ਵਿੱਚ ਬਣਿਆ ਇੱਕ ਘੱਟ ਦਬਾਅ ਵਾਲਾ ਖੇਤਰ ਹੈ, ਜਿਸਦੇ ਕਾਰਨ ਤਿਰੂਵਨੰਤਪੁਰਮ, ਕੋਲਮ, ਪਠਾਨਾਮਥਿੱਟਾ, ਕੋੱਟਯਾਮ ਅਤੇ ਇਡੁੱਕੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ। ਭਾਰੀ ਮੀਂਹ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਮਨੀਮਾਲਾ, ਮੀਨਾਚਲ ਤੇ ਪੁਲਗਯਾਰ ਨਦੀਆਂ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ।
ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕੁਝ ਥਾਵਾਂ 'ਤੇ ਨਦੀਆਂ ਦੇ ਪਾਣੀ ਦਾ ਪੱਧਰ 30 ਫੁੱਟ ਵਧ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਪਠਾਨਮਥਿੱਟਾ, ਏਰਨਾਕੁਲਮ, ਕੋੱਟਯਮ, ਇਡੁੱਕੀ, ਤ੍ਰਿਸ਼ੂਰ ਵਿੱਚ ਅੱਜ ਵੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਤਿਰੂਵਨੰਤਪੁਰਮ, ਕੋਲਮ, ਅਲਾਪੁਝਾ, ਪਲੱਕੜ, ਮੱਲਾਪੁਰਮ, ਵਾਇਨਾਡ ਅਤੇ ਕੋਝੀਕੋਡ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਤੇਜ਼ ਹਵਾਵਾਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ।
ਫੌਜ ਦੀ ਮਦਦ ਲਈ ਜਾ ਰਹੀ
ਹੜ੍ਹ, ਮੀਂਹ ਅਤੇ ਜ਼ਮੀਨ ਖਿੱਸਕਣ ਘਟਨਾਵਾਂ ਕਾਰਨ ਕਈ ਇਲਾਕਿਆਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਕੇਰਲ ਵਿੱਚ ਕੁਦਰਤੀ ਆਫ਼ਤ ਦੌਰਾਨ ਆਰਡੀਐਫ, ਆਰਵੀ, ਨੇਵੀ ਸਮੇਤ ਐਨਡੀਆਰਐਫ ਦੀਆਂ ਕਈ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦੇ ਨਾਲ-ਨਾਲ ਬੰਦ ਸੜਕਾਂ ਨੂੰ ਖੋਲ੍ਹਣ ਦੀ ਤਰਜੀਹ ਹੈ। 2018 ਦੇ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੈ। ਕੇਰਲ ਦੇ ਖਰਾਬ ਮੌਸਮ ਦੇ ਮੱਦੇਨਜ਼ਰ, ਸੈਰ -ਸਪਾਟਾ ਸਥਾਨਾਂ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਥਾਣੇ 'ਚੋਂ ਹੀ ਚੋਰੀ ਹੋਏ 25 ਲੱਖ ਰੁਪਏ, ਪੁਲਿਸ ਅਧਿਕਾਰੀਆਂ ਦੇ ਉੱਡੇ ਹੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: