Lakhimpur Kheri Case: ਪ੍ਰਦੀਪ ਕੁਮਾਰ ਸ੍ਰੀਵਾਸਤਵ ਕਰਨਗੇ ਲਖੀਮਪੁਰ ਖੀਰੀ ਮਾਮਲੇ ਦੀ ਜਾਂਚ, 2 ਮਹੀਨਿਆਂ 'ਚ ਦੇਣੀ ਹੋਏਗੀ ਰਿਪੋਰਟ
ਰਾਜਪਾਲ ਨੇ Lakhimpur Kheri ਘਟਨਾ ਦੀ ਜਾਂਚ ਲਈ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਪ੍ਰਦੀਪ ਕੁਮਾਰ ਸ਼੍ਰੀਵਾਸਤਵ ਨੂੰ ਨਿਯੁਕਤ ਕੀਤਾ ਹੈ। ਸਿੰਗਲ ਕਮਿਸ਼ਨ ਦੋ ਮਹੀਨਿਆਂ ਵਿੱਚ ਆਪਣੀ ਜਾਂਚ ਪੂਰੀ ਕਰੇਗਾ।
Lakhimpur Kheri Investigation: ਇਲਾਹਾਬਾਦ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਪ੍ਰਦੀਪ ਕੁਮਾਰ ਸ੍ਰੀਵਾਸਤਵ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰਨਗੇ। ਰਾਜਪਾਲ ਆਨੰਦੀਬੇਨ ਪਟੇਲ ਨੇ ਜਾਂਚ ਲਈ ਪ੍ਰਦੀਪ ਕੁਮਾਰ ਸ੍ਰੀਵਾਸਤਵ ਨੂੰ ਨਿਯੁਕਤ ਕੀਤਾ ਹੈ। ਸਿਰਫ ਇਕੋ ਮੈਂਬਰੀ ਕਮਿਸ਼ਨ ਹੀ ਮਾਮਲੇ ਦੀ ਜਾਂਚ ਕਰੇਗਾ। ਜਾਂਚ ਕਮਿਸ਼ਨ ਦਾ ਮੁੱਖ ਦਫਤਰ ਲਖੀਮਪੁਰ ਵਿੱਚ ਬਣਾਇਆ ਜਾਵੇਗਾ। ਕਮਿਸ਼ਨ ਨੂੰ 2 ਮਹੀਨਿਆਂ ਦੇ ਅੰਦਰ ਆਪਣੀ ਜਾਂਚ ਪੂਰੀ ਕਰਨੀ ਹੋਵੇਗੀ।
ਦੱਸ ਦਈਏ ਕਿ ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਬੀਜੇਪੀ ਕਸੂਤੀ ਘਿਰ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਲਿਆ ਹੈ। ਸਰਬਉੱਚ ਅਦਾਲਤ ਨੇ ਮੀਡੀਆ ਰਿਪੋਰਟਾਂ ਦਾ ਖੁ਼ਦ ਨੋਟਿਸ ਲੈਂਦਿਆਂ ਵੀਰਵਾਰ ਨੂੰ ਇਸ ਕੇਸ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਚੀਫ਼ ਜਸਟਿਸ ਐਨਵੀ ਰਾਮੰਨਾ ਦੀ ਅਗਵਾਈ ਵਾਲਾ ਬੈਂਚ ਕੇਸ ਦੀ ਸੁਣਵਾਈ ਕਰੇਗਾ ਜਦੋਂਕਿ ਹੋਰਨਾਂ ਜੱਜਾਂ ਵਿੱਚ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਸ਼ਾਮਲ ਹੋਣਗੇ।
ਇਸ ਕੇਸ ਨੂੰ ‘ਲਖੀਮਪੁਰ ਖੀਰੀ (ਯੂਪੀ) ਵਿੱਚ ਹੋਈ ਹਿੰਸਾ ਕਰਕੇ ਹੋਈਆਂ ਮੌਤਾਂ’ ਵਜੋਂ ਸੂਚੀਬੱਧ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇਕ ਸਮੂਹ ਨੂੰ ਤਿੰਨ ਕਾਰਾਂ ਹੇਠ ਦਰੜਨ ਮਗਰੋਂ ਭੜਕੀ ਹਿੰਸਾ ਵਿੱਚ 4 ਕਿਸਾਨਾਂ ਤੇ ਇੱਕ ਪੱਤਰਕਾਰ ਸਮੇਤ ਅੱਠ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਦੱਸ ਦਈਏ ਕਿ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਇੱਕ ਟਵੀਟ ਕਰਕੇ ਸਿਖਰਲੀ ਅਦਾਲਤ ਨੂੰ ਲਖੀਮਪੁਰ ਹਿੰਸਾ ਦਾ ‘ਖ਼ੁਦ ਨੋਟਿਸ’ ਲੈਣ ਦੀ ਅਪੀਲ ਕੀਤੀ ਸੀ ਜਦੋਂਕਿ ਦੋ ਹੋਰਨਾਂ ਵਕੀਲਾਂ ਸ਼ਿਵ ਕੁਮਾਰ ਤ੍ਰਿਪਾਠੀ ਤੇ ਸੀਐਸ ਪਾਂਡਾ ਵੱਲੋਂ ਲਿਖੇ ਪੱਤਰ ਵਿੱਚ ਵੀ ਸਿਖਰਲੀ ਅਦਾਲਤ ਦੇ ਦਖ਼ਲ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਦੋਵਾਂ ਵਕੀਲਾਂ ਨੇ ਲਿਖਿਆ, ‘‘ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀਆਂ ਹੱਤਿਆਵਾਂ ਨਾਲ ਜੁੜੇ ਕੇਸ ਦੀ ਸੰਜੀਦਗੀ ਨੂੰ ਵੇਖਦਿਆਂ ਅਦਾਲਤ ਵੱਲੋਂ ਦਖ਼ਲ ਦੇਣਾ ਬਣਦਾ ਹੈ।’’
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਨਰਸਿੰਗ ਟ੍ਰੇਨਿੰਗ ਕਾਲਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: