(Source: ECI/ABP News/ABP Majha)
Lakhimpur Violence: ਆਸ਼ੀਸ਼ ਮਿਸ਼ਰਾ ਅੱਜ ਪੁਲਿਸ ਸਾਹਮਣੇ ਹੋਵੇਗਾ ਪੇਸ਼, ਕੇਂਦਰੀ ਮੰਤਰੀ ਨੇ ਆਪਣੇ ਪੁੱਤ ਨੂੰ ਦੱਸਿਆ ਬੇਕਸੂਰ
ਮਿਸ਼ਰਾ ਨੇ ਲਖਨਊ ਏਅਰਪੋਰਟ ਤੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ਸਾਨੂੰ ਕਾਨੂੰਨ 'ਤੇ ਭਰੋਸਾ ਹੈ। ਮੇਰਾ ਬੇਟਾ ਨਿਰਦੋਸ਼ ਹੈ। ਉਸ ਨੂੰ ਵੀਰਵਾਰ ਨੋਟਿਸ ਮਿਲਿਆ ਪਰ ਉਸ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ।
ਲਖਨਊ: ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਟੋਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਅੱਜ ਸਵੇਰੇ 11 ਵਜੇ ਤਕ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੂਜਾ ਨੋਟਿਸ ਜਾਰੀ ਕਰਕੇ ਪੁੱਛਗਿਛ ਲਈ ਅੱਜ ਸਵੇਰੇ 11 ਵਜੇ ਤਕ ਪੇਸ਼ ਹੋਣ ਦਾ ਸਮਾਂ ਦਿੱਤਾ ਹੈ।
ਇਸ ਦਰਮਿਆਨ ਲਖਨਊ 'ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਆਪਣੇ ਬੇਟੇ ਨੂੰ ਨਿਰਦੋਸ਼ ਦੱਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਸਿਹਤ ਠੀਕ ਨਹੀਂ ਹੈ ਤੇ ਉਹ ਸ਼ਨੀਵਾਰ ਯਾਨੀ ਅੱਜ ਪੁਲਿਸ ਸਾਹਮਣੇ ਪੇਸ਼ ਹੋਵੇਗਾ।
ਮਿਸ਼ਰਾ ਨੇ ਲਖਨਊ ਏਅਰਪੋਰਟ ਤੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ਸਾਨੂੰ ਕਾਨੂੰਨ 'ਤੇ ਭਰੋਸਾ ਹੈ। ਮੇਰਾ ਬੇਟਾ ਨਿਰਦੋਸ਼ ਹੈ। ਉਸ ਨੂੰ ਵੀਰਵਾਰ ਨੋਟਿਸ ਮਿਲਿਆ ਪਰ ਉਸ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਉਹ ਸ਼ਨੀਵਾਰ ਪੁਲਿਸ ਸਾਹਮਣੇ ਪੇਸ਼ ਹੋਵੇਗਾ ਤੇ ਆਪਣੇ ਨਿਰਦੋਸ਼ ਹੋਣ ਬਾਰੇ ਬਿਆਨ 'ਤੇ ਸਬੂਤ ਦੋਵੇਗਾ। ਇਹ ਪੁੱਛੇ ਜਾਣ 'ਤੇ ਕਿ ਵਿਰੋਧੀ ਧਿਰਾਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਵਿਰੋਧੀ ਤਾਂ ਕੁਝ ਵੀ ਮੰਗਦੇ ਹਨ।
ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਦੇ ਹੁਣ ਤਕ ਗ੍ਰਿਫ਼ਤਾਰ ਨਾ ਹੋਣ 'ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਯੂਪੀ ਸਰਕਾਰ ਨੂੰ ਖੂਬ ਝਾੜ ਪਾਈ। ਕੋਰਟ ਨੇ ਪੁੱਛਿਆ ਕਿ ਜੇਕਰ ਮੁਲਜ਼ਮ ਕੋਈ ਆਮ ਵਿਅਕਤੀ ਹੁੰਦਾ ਤਾਂ ਤੀ ਉਸ ਪ੍ਰਤੀ ਵੀ ਪੁਲਿਸ ਦਾ ਇਹੀ ਰਵੱਈਆ ਹੁੰਦਾ? ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਪੁਲਿਸ ਨੂੰ ਤੇਜ਼ ਕਾਰਵਾਈ ਦਾ ਹੁਕਮ ਦਿੰਦਿਆਂ ਇਹ ਸੰਕੇਤ ਵੀ ਦਿੱਤੇ ਕਿ ਜਾਂਚ ਕਿਸੇ ਹੋਰ ਸੰਸਥਾ ਨੂੰ ਸੌਂਪੀ ਜਾ ਸਕਦੀ ਹੈ।
ਕਾਨੂੰਨ ਹੱਥ 'ਚ ਲੈਣ ਦੀ ਛੋਟ ਕਿਸੇ ਨੂੰ ਨਹੀਂ, ਪਰ ਦਬਾਅ 'ਚ ਕਾਰਵਾਈ ਨਹੀਂ ਹੋਵੇਗੀ
ਉੱਥੇ ਹੀ ਲਖੀਮਪੁਰ ਘਟਨਾ ਦੇ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਦੀ ਗ੍ਰਿਫ਼ਤਾਰੀ ਦੀ ਵਿਰੋਧੀਆਂ ਦੀ ਮੰਗ 'ਤੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਸ਼ੁੱਕਰਵਾਰ ਕਿਹਾ ਕਿ ਕਾਨੂੰਨ ਹੱਥ ਚ ਲੈਣ ਦੀ ਛੋਟ ਕਿਸੇ ਨੂੰ ਨਹੀਂ ਹੈ ਪਰ ਕਿਸੇ ਦੇ ਦਬਾਅ 'ਚ ਕੋਈ ਕਾਰਵਾਈ ਨਹੀਂ ਹੋਵੇਗੀ।
ਸੀਐਮ ਯੋਗੀ ਨੇ ਗੋਰਖਪੁਰ 'ਚ ਇਕ ਟੀਵੀ ਚੈਨਲ ਦੇ ਪ੍ਰੋਗਰਾਮ 'ਚ ਕਿਹਾ, 'ਲਖੀਮਪੁਰ ਖੀਰੀ ਦੀ ਘਟਨਾ ਦੁਖਦਾਈ ਹੈ। ਸਰਕਾਰ ਉਸ ਦੀ ਤਹਿ ਤਕ ਜਾ ਰਹੀ ਹੈ। ਲੋਕਤੰਤਰ 'ਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਜਦੋਂ ਕਾਨੂੰਨ ਸਭ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਗਾਰੰਟੀ ਦੇ ਰਿਹਾ ਹੈ ਤਾਂ ਕਿਸੇ ਨੂੰ ਵੀ ਆਪਣੇ ਹੱਥਾਂ 'ਚ ਕਾਨੂੰਨ ਲੈਣ ਦਾ ਅਧਿਕਾਰ ਨਹੀਂ ਹੈ।'