ਜੰਗ ਵੇਲੇ ਸੜਕਾਂ ਤੋਂ ਹੀ ਉੱਡਣਗੇ ਲੜਾਕੂ ਜਹਾਜ਼! ਦੇਸ਼ ਦੇ 21 ਹਾਈਵੇਜ਼ ਦੀ ਵਰਤੋਂ ਕਰੇਗੀ ਹਵਾਈ ਫੌਜ
ਯੁੱਧ ਦੇ ਦੌਰਾਨ ਦੁਸ਼ਮਣ ਸਭ ਤੋਂ ਪਹਿਲਾਂ ਏਅਰ ਫੋਰਸ ਸਟੇਸ਼ਨ (Air Force Station) ਦੇ ਰਨਵੇਅ ਨੂੰ ਨਿਸ਼ਾਨਾ ਬਣਾਉਂਦਾ ਹੈ, ਤਾਂ ਜੋ ਹਵਾਈ ਸੈਨਾ ਨੂੰ ਕਮਜ਼ੋਰ ਹੋ ਜਾਵੇ ਤੇ ਲੜਾਕੂ ਹਵਾਈ ਜਹਾਜ਼ ਉੱਡ ਨਾ ਸਕਣ।
ਨਵੀਂ ਦਿੱਲੀ: ਯੁੱਧ ਦੇ ਦੌਰਾਨ ਦੁਸ਼ਮਣ ਸਭ ਤੋਂ ਪਹਿਲਾਂ ਏਅਰ ਫੋਰਸ ਸਟੇਸ਼ਨ (Air Force Station) ਦੇ ਰਨਵੇਅ ਨੂੰ ਨਿਸ਼ਾਨਾ ਬਣਾਉਂਦਾ ਹੈ, ਤਾਂ ਜੋ ਹਵਾਈ ਸੈਨਾ ਨੂੰ ਕਮਜ਼ੋਰ ਹੋ ਜਾਵੇ ਤੇ ਲੜਾਕੂ ਹਵਾਈ ਜਹਾਜ਼ ਉੱਡ ਨਾ ਸਕਣ। ਇਸ ਦੇ ਮੱਦੇਨਜ਼ਰ, ਕੇਂਦਰ ਤੇ ਰਾਜ ਸਰਕਾਰਾਂ ਸਾਰੇ ਐਕਸਪ੍ਰੈਸਵੇਅ ਤੇ ਹਾਈਵੇਅ 'ਤੇ ਰਨਵੇ ਦੇ ਤੌਰ 'ਤੇ 2 ਤੋਂ 3 ਕਿਲੋਮੀਟਰ ਦਾ ਸਟ੍ਰੈਚ ਤਿਆਰ ਕਰ ਰਹੀਆਂ ਹਨ। ਪੂਰਵਾਂਚਲ ਤੇ ਹੋਰ ਤਿੰਨ ਐਕਸਪ੍ਰੈਸਵੇਅ ਵੀ ਇਸੇ ਸੋਚ ਨਾਲ ਤਿਆਰ ਕੀਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਦੇ 21 ਹਾਈਵੇਅ ਦੀ ਰਨਵੇਅ ਵਜੋਂ ਵਰਤਣ ਲਈ ਵੀ ਪਛਾਣ ਕੀਤੀ ਗਈ ਹੈ।
ਹਾਈਵੇਅ ਤੇ ਐਕਸਪ੍ਰੈੱਸਵੇਅ
ਲੜਾਕੂ ਤੇ ਟਰਾਂਸਪੋਰਟ ਜਹਾਜ਼ਾਂ ਨੂੰ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ 21 ਹਾਈਵੇਅ ਤੇ ਐਕਸਪ੍ਰੈਸਵੇਅ 'ਤੇ ਉਤਾਰਿਆ ਜਾ ਸਕਦਾ ਹੈ। ਰੱਖਿਆ ਮੰਤਰਾਲੇ ਨੇ ਸਾਰੇ ਹਾਈਵੇਅ ਦਾ ਨੇੜਿਓਂ ਨਿਰੀਖਣ ਕੀਤਾ ਹੈ। ਇਸ ਦੇ ਲਈ ਟਰਾਂਸਪੋਰਟ ਮੰਤਰਾਲੇ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ। ਕੁਝ ਹਾਈਵੇਅ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗ੍ਰੇਟਰ ਨੋਇਡਾ ਤੋਂ ਆਗਰਾ ਤੱਕ ਯਮੁਨਾ ਐਕਸਪ੍ਰੈਸਵੇਅ, ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਲੜਾਕੂ ਜਹਾਜ਼ਾਂ ਨੂੰ ਉਤਾਰਨ ਦਾ ਅਭਿਆਸ ਵੀ ਕੀਤਾ ਗਿਆ ਹੈ। ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਭਾਰੀ ਟਰਾਂਸਪੋਰਟ ਜਹਾਜ਼ ਹਰਕਿਊਲਿਸ ਨੂੰ ਵੀ ਉਤਾਰਿਆ ਗਿਆ।
ਹੁਣ ਪੂਰਵਾਂਚਲ ਐਕਸਪ੍ਰੈਸਵੇਅ ਵੀ ਇਸ ਕੜੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਅੱਜ ਆਗਰਾ-ਲਖਨਊ ਐਕਸਪ੍ਰੈੱਸ ਵੇਅ ਵਾਂਗ ਇਸ ਐਕਸਪ੍ਰੈਸ ਵੇਅ 'ਤੇ ਲੜਾਕੂ ਜਹਾਜ਼ ਦੇ ਨਾਲ-ਨਾਲ ਭਾਰਤੀ ਹਵਾਈ ਸੈਨਾ ਦੇ ਭਾਰੀ ਹਰਕਿਊਲਿਸ ਜਹਾਜ਼ ਨੂੰ ਵੀ ਉਤਾਰਿਆ ਜਾਵੇਗਾ। ਇਸ ਤੋਂ ਇਲਾਵਾ ਜਲਦੀ ਹੀ ਦਿੱਲੀ ਤੋਂ ਮੁਰਾਦਾਬਾਦ ਐਕਸਪ੍ਰੈਸਵੇਅ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਮੁਰਾਦਾਬਾਦ ਐਕਸਪ੍ਰੈਸਵੇਅ 'ਤੇ ਜਹਾਜ਼ਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਾਰੇ 21 ਹਾਈਵੇਅ ਤੇ ਐਕਸਪ੍ਰੈੱਸ ਵੇਅ ਨੂੰ ਏਅਰ ਸਟ੍ਰਿਪ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ 'ਤੇ ਵਾਹਨ ਵੀ ਚੱਲਣਗੇ ਤੇ ਲੋੜ ਪੈਣ 'ਤੇ ਜਹਾਜ਼ ਵੀ ਉਤਾਰੇ ਜਾਣਗੇ।
ਇੰਨਾ ਹੀ ਨਹੀਂ, ਲੋੜ ਪੈਣ 'ਤੇ ਛੱਤੀਸਗੜ੍ਹ, ਉੜੀਸਾ, ਜੰਮੂ, ਉੱਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਅਸਾਮ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਆਦਿ ਰਾਜਾਂ 'ਚ ਸਥਿਤ ਹਾਈਵੇਅ 'ਤੇ ਜਹਾਜ਼ਾਂ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਹਾਈਵੇਅ 'ਤੇ ਹਵਾਈ ਸੈਨਾ ਦੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਟਰਾਂਸਪੋਰਟ ਮੰਤਰਾਲੇ ਦੇ ਸਹਿਯੋਗ ਨਾਲ ਪੂਰੇ ਦੇਸ਼ ਦੇ ਸਾਰੇ ਰਾਜਮਾਰਗਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਜਹਾਜ਼ ਦੇ ਲੈਂਡਿੰਗ ਅਤੇ ਟੇਕਆਫ ਲਈ ਰਾਸ਼ਟਰੀ ਰਾਜਮਾਰਗ ਦੀ ਚੋਣ ਹਵਾਈ ਸੈਨਾ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਹੈ। ਜਦਕਿ ਕੁਝ ਹਾਈਵੇਅ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਹਵਾਈ ਸੈਨਾ ਦੇ ਮਾਪਦੰਡਾਂ 'ਤੇ ਬਣੇ ਹਾਈਵੇ ਦਾ ਕੁਝ ਹਿੱਸਾ ਮਿਲਦਾ ਹੈ।
ਭਾਰਤ ਵਿੱਚ ਪਹਿਲੀ ਵਾਰ 21 ਮਈ 2015 ਨੂੰ ਰੋਡ ਰਨਵੇਅ ਦੀ ਵਰਤੋਂ ਕੀਤੀ ਗਈ ਸੀ। ਜਦਕਿ ਕਈ ਦੇਸ਼ ਅਜਿਹੇ ਹਨ ਜਿੱਥੇ ਇਸ ਦੀ ਵਰਤੋਂ ਕੀਤੀ ਗਈ ਹੈ। ਭਾਰਤ ਤੋਂ ਪਹਿਲਾਂ, ਇਸਦੀ ਵਰਤੋਂ ਸਿੰਗਾਪੁਰ, ਸਵੀਡਨ, ਫਿਨਲੈਂਡ, ਜਰਮਨੀ, ਪੋਲੈਂਡ, ਚੀਨ ਗਣਰਾਜ (ਤਾਈਵਾਨ) ਦੁਆਰਾ ਕੀਤੀ ਜਾਂਦੀ ਹੈ। ਪਾਕਿਸਤਾਨ ਕੋਲ ਦੋ ਅਜਿਹੇ ਰੋਡ ਰਨਵੇ ਹਨ ਜਿਨ੍ਹਾਂ ਨੂੰ ਉਹ ਜੰਗ ਦੌਰਾਨ ਐਮਰਜੈਂਸੀ ਦੀ ਸਥਿਤੀ ਵਿੱਚ ਵਰਤ ਸਕਦਾ ਹੈ। ਪਾਕਿਸਤਾਨ ਦਾ ਪਹਿਲਾ ਰੋਡ ਰਨਵੇ ਐਮ-1 ਹੈ ਜੋ ਪੇਸ਼ਾਵਰ ਤੋਂ ਇਸਲਾਮਾਬਾਦ ਹਾਈਵੇਅ 'ਤੇ ਬਣਿਆ ਹੈ। ਦੂਜਾ ਐਮ-2 ਇਸਲਾਮਾਬਾਦ-ਲਾਹੌਰ ਹਾਈਵੇਅ 'ਤੇ ਬਣਾਇਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: