(Source: ECI/ABP News)
ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ ਕਰਕੇ ਬਣਾਏ 10,000 ਵੋਟ, ਏਜੰਸੀਆਂ ਨੂੰ ਪਈਆਂ ਭਾਜੜਾਂ
ਸਹਾਰਨਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਐੱਸ. ਚੇਨੱਪਾ ਨੇ ਦੱਸਿਆ ਕਿ ਵਿਪੁਲ ਸੈਣੀ ਨੇ ਕਥਿਤ ਤੌਰ 'ਤੇ ਇੱਥੋਂ ਦੇ ਨਕੁੜ ਇਲਾਕੇ ਵਿੱਚ ਆਪਣੀ ਕੰਪਿਊਟਰ ਦੁਕਾਨ ਵਿੱਚ ਹਜ਼ਾਰਾਂ ਵੋਟਰ ਆਈਡੀ ਕਾਰਡ ਬਣਾਏ ਹਨ।

ਸਹਾਰਨਪੁਰ: ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ ਕਰਕੇ ਇੱਕ ਸ਼ਖਸ ਨੇ 10,000 ਵੋਟਾਂ ਬਣਾ ਦਿੱਤੀਆਂ। ਇਸ ਦਾ ਪਤਾ ਲੱਗਦਿਆਂ ਹੀ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਉੱਪਰ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ ਕਰਨ ਦੇ ਦੋਸ਼ ਹਨ।
ਸਹਾਰਨਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਐੱਸ. ਚੇਨੱਪਾ ਨੇ ਦੱਸਿਆ ਕਿ ਵਿਪੁਲ ਸੈਣੀ ਨੇ ਕਥਿਤ ਤੌਰ 'ਤੇ ਇੱਥੋਂ ਦੇ ਨਕੁੜ ਇਲਾਕੇ ਵਿੱਚ ਆਪਣੀ ਕੰਪਿਊਟਰ ਦੁਕਾਨ ਵਿੱਚ ਹਜ਼ਾਰਾਂ ਵੋਟਰ ਆਈਡੀ ਕਾਰਡ ਬਣਾਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੈਣੀ ਉਸੇ ਪਾਸਵਰਡ ਨਾਲ ਕਮਿਸ਼ਨ ਦੀ ਵੈੱਬਸਾਈਟ 'ਤੇ ਲੌਗਇਨ ਕਰਦਾ ਸੀ ਜਿਸ ਦੀ ਵਰਤੋਂ ਕਮਿਸ਼ਨ ਦੇ ਅਧਿਕਾਰੀ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਕਮਿਸ਼ਨ ਨੂੰ ਕੁਝ ਗਲਤ ਹੋਣ ਦਾ ਸ਼ੱਕ ਸੀ ਤੇ ਇਸ ਦੀ ਜਾਣਕਾਰੀ ਜਾਂਚ ਏਜੰਸੀਆਂ ਨੂੰ ਦਿੱਤੀ। ਏਜੰਸੀਆਂ ਦੀ ਜਾਂਚ ਦੌਰਾਨ ਸੈਣੀ ਸ਼ੱਕ ਦੇ ਘੇਰੇ ਵਿੱਚ ਆ ਗਿਆ। ਉਨ੍ਹਾਂ ਨੇ ਸਹਾਰਨਪੁਰ ਪੁਲਿਸ ਨੂੰ ਸੈਣੀ ਬਾਰੇ ਸੂਚਿਤ ਕੀਤਾ। ਪੁੱਛ ਪੜਤਾਲ ਦੌਰਾਨ ਸੈਣੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਹਰਦਾ ਵਾਸੀ ਅਰਮਾਨ ਮਲਿਕ ਦੇ ਕਹਿਣ 'ਤੇ ਕੰਮ ਕਰ ਰਿਹਾ ਸੀ ਤੇ ਉਸ ਨੇ ਤਿੰਨ ਮਹੀਨਿਆਂ ਵਿੱਚ 10,000 ਤੋਂ ਵੱਧ ਵੋਟਰ ਆਈਡੀ ਕਾਰਡ ਬਣਾਏ ਹਨ।
ਸਾਈਬਰ ਸੈੱਲ ਤੇ ਸਹਾਰਨਪੁਰ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਸੈਣੀ ਨੂੰ ਗ੍ਰਿਫਤਾਰ ਕੀਤਾ। ਚੇਨੱਪਾ ਨੇ ਦੱਸਿਆ ਕਿ ਜਾਂਚ ਦੌਰਾਨ ਸੈਣੀ ਦੇ ਬੈਂਕ ਖਾਤੇ ਵਿੱਚ 60 ਲੱਖ ਰੁਪਏ ਮਿਲੇ, ਜਿਸ ਤੋਂ ਬਾਅਦ ਖਾਤੇ ਵਿੱਚੋਂ ਲੈਣ-ਦੇਣ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਣੀ ਦੇ ਖਾਤੇ ਵਿੱਚ ਇੰਨਾ ਪੈਸਾ ਕਿੱਥੋਂ ਆਇਆ, ਇਸ ਦੀ ਜਾਂਚ ਕੀਤੀ ਜਾਵੇਗੀ।
ਪੁੱਛ ਪੜਤਾਲ ਦੌਰਾਨ ਸੈਣੀ ਨੇ ਦੱਸਿਆ ਕਿ ਉਸ ਨੂੰ ਪਛਾਣ ਪੱਤਰ ਦੇ ਬਦਲੇ 100 ਤੋਂ 200 ਰੁਪਏ ਮਿਲਦੇ ਹਨ। ਪੁਲਿਸ ਨੇ ਉਸ ਦੇ ਘਰ ਤੋਂ ਦੋ ਕੰਪਿਊਟਰ ਵੀ ਬਰਾਮਦ ਕੀਤੇ ਹਨ। ਜਾਂਚ ਏਜੰਸੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਤੇ ਉਸ ਦੀ ਨਿਆਇਕ ਹਿਰਾਸਤ ਮੰਗੇਗੀ। ਸੈਣੀ ਦੇ ਪਿਤਾ ਕਿਸਾਨ ਹਨ ਤੇ ਸੈਣੀ ਨੇ ਸਹਾਰਨਪੁਰ ਜ਼ਿਲ੍ਹੇ ਦੇ ਕਾਲਜ ਤੋਂ ਬੀਸੀਏ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
