ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੀਆਂ ਅਹਿਮ ਗੱਲਾਂ, ਆਖਿਰ ਕਿੱਥੇ ਖੜੀ ਗੱਲ ?
ਕਿਸਾਨਾਂ ਨਾਲ ਮੀਟਿੰਗ ਮਗਰੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਖਦਸ਼ਿਆਂ ਦਾ ਹੱਲ ਕਰਨ ਲਈ ਤਿਆਰ ਹਾਂ।
ਨਵੀਂ ਦਿੱਲੀ: ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਇਸ ਦਰਮਿਆਨ ਅੱਜ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਪੰਜਵੇਂ ਦੌਰ ਦੀ ਬੈਠਕ ਵੀ ਬੇਨਤੀਜਾ ਰਹੀ। ਦਰਅਸਲ ਇਸ ਮੀਟਿੰਗ 'ਚੋਂ ਫਿਰ ਇਕ ਹੋਰ ਮੀਟਿੰਗ ਨਿੱਕਲੀ ਹੈ। ਹੁਣ ਕਿਸਾਨਾਂ ਤੇ ਕੇਂਦਰ ਵਿਚਾਲੇ ਛੇਵੇਂ ਦੌਰ ਦੀ ਗੱਲਬਾਤ 9 ਦਸੰਬਰ ਨੂੰ ਬੁੱਧਵਾਰ ਦੁਪਹਿਰ 12 ਵਜੇ ਹੋਵੇਗੀ।
ਕਿਸਾਨਾਂ ਨਾਲ ਮੀਟਿੰਗ ਮਗਰੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਖਦਸ਼ਿਆਂ ਦਾ ਹੱਲ ਕਰਨ ਲਈ ਤਿਆਰ ਹਾਂ। ਕਿਸਾਨਾਂ ਨਾਲ ਚਰਚਾ ਚੰਗੇ ਮਾਹੌਲ 'ਚ ਹੋਈ। ਕਿਸਾਨ ਲੀਡਰਾਂ ਦੇ ਸੁਝਾਅ ਮਿਲਣ ਤਾਂ ਚੰਗਾ ਹੋਵੇਗਾ। ਅਸੀਂ ਸੁਝਾਵਾਂ ਦਾ ਇੰਤਜ਼ਾਰ ਕਰਾਂਗੇ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ 'ਅੰਦੋਲਨ 'ਚ ਸ਼ਾਮਲ ਬੱਚੇ ਤੇ ਬਜ਼ੁਰਗ ਘਰ ਜਾਣ। ਉਨ੍ਹਾਂ ਕਿਹਾ ਐਮਐਸਪੀ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਮੋਦੀ ਸਰਕਾਰ ਕਿਸਾਨਾਂ ਦੇ ਨਾਲ ਹੈ। ਐਮਐਸਪੀ 'ਤੇ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕਿਸਾਨ ਅੰਦੋਲਨ ਦਾ ਰਾਹ ਛੱਡ ਦੇਣ।'
ਓਧਰ ਇਸ ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ 'ਸਰਕਾਰ ਨੇ ਤਿੰਨ ਦਿਨ ਦਾ ਸਮਾਂ ਮੰਗਿਆ ਹੈ। 9 ਦਸੰਬਰ ਨੂੰ ਸਰਕਾਰ ਸਾਨੂੰ ਪ੍ਰਪੋਜ਼ਲ ਭੇਜੇਗੀ, ਉਸ 'ਤੇ ਵਿਚਾਰ ਕਰਨ ਤੋਂ ਬਾਅਦ ਬੈਠਕ ਹੋਵੇਗੀ। 8 ਤਾਰੀਖ ਨੂੰ ਭਾਰਤ ਬੰਦ ਜ਼ਰੂਰ ਹੋਵੇਗਾ। ਇਹ ਕਾਨੂੰਨ ਜ਼ਰੂਰ ਰੱਦ ਹੋਣਗੇ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ