ਪਤੀ ਦੀ ਜ਼ਬਰਦਸਤੀ ਵੀ ਬਲਾਤਕਾਰ, ਵਿਆਹੁਤਾ ਬਲਾਤਕਾਰ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ
ਬਗੈਰ ਪਤਨੀ ਦੀ ਇਜਾਜ਼ਤ ਦੇ ਪਤੀ ਵਲੋਂ ਜਬਰੀ ਸਰੀਰਕ ਸਬੰਧ ਬਣਾਉਣਾ ਵਿਆਹੁਤਾ ਬਲਾਤਕਾਰ ਹੈ। ਬਿਨਾਂ ਸਹਿਮਤੀ ਦੇ ਸਬੰਧ ਬਣਾਉਣ ਕਾਰਨ ਇਸ ਨੂੰ ਵਿਆਹੁਤਾ ਬਲਾਤਕਾਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਪਤਨੀ ਨਾਲ ਬਲਾਤਕਾਰ ਦੇ ਮਾਮਲੇ 'ਚ ਕਰਨਾਟਕ ਹਾਈਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਬੁੱਧਵਾਰ ਨੂੰ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਵਿਆਹ ਦਾ ਮਤਲਬ ਇਹ ਨਹੀਂ ਹੈ ਕਿ ਪਤੀ ਨੂੰ ਪਤਨੀ 'ਤੇ ਜ਼ੁਲਮ ਕਰਨ ਦਾ ਲਾਇਸੈਂਸ ਮਿਲ ਗਿਆ ਹੈ। ਇਸ ਦੌਰਾਨ ਹਾਈਕੋਰਟ ਨੇ ਵਿਆਹੁਤਾ ਬਲਾਤਕਾਰ ਦੇ ਵਧਦੇ ਮਾਮਲਿਆਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ।
ਅਦਾਲਤ ਨੇ ਕਿਹਾ ਕਿ ਵਿਆਹ ਸਮਾਜ ਦੇ ਕਿਸੇ ਵੀ ਮਰਦ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦਿੰਦਾ ਅਤੇ ਨਾ ਹੀ ਇਹ ਔਰਤ ਨਾਲ ਜਾਨਵਰਾਂ ਵਾਂਗ ਬੇਰਹਿਮ ਸਲੂਕ ਕਰਨ ਦਾ ਅਧਿਕਾਰ ਦੇ ਸਕਦਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਮਰਦ ਕਿਸੇ ਵੀ ਔਰਤ ਨਾਲ ਉਸ ਦੀ ਮਰਜ਼ੀ ਤੋਂ ਬਿਨਾਂ ਸਬੰਧ ਬਣਾਉਂਦਾ ਹੈ ਤਾਂ ਉਹ ਮਰਦ ਸਜ਼ਾਯੋਗ ਹੈ ਅਤੇ ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ ਭਾਵੇਂ ਉਹ ਮਰਦ ਪਤੀ ਕਿਉਂ ਨਾ ਹੋਵੇ।
ਅਜਿਹੇ ਮਾਮਲੇ ਔਰਤਾਂ ਨੂੰ ਅੰਦਰੋਂ ਡਰਾਉਂਦੇ
ਅਦਾਲਤ ਨੇ ਕਿਹਾ ਕਿ ਜਦੋਂ ਪਤੀ ਆਪਣੀ ਪਤਨੀ ਨਾਲ ਜ਼ਬਰਦਸਤੀ ਸੈਕਸ ਕਰਦਾ ਹੈ ਤਾਂ ਇਸ ਦਾ ਔਰਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲੇ ਔਰਤਾਂ ਨੂੰ ਅੰਦਰੋਂ ਡਰਾਉਂਦੇ ਹਨ, ਜਿਸ ਨਾਲ ਉਨ੍ਹਾਂ ਦੇ ਦਿਮਾਗ ਅਤੇ ਸਰੀਰ ਦੋਵਾਂ 'ਤੇ ਅਸਰ ਪੈਂਦਾ ਹੈ। ਅਦਾਲਤ ਨੇ ਕਿਹਾ ਕਿ ਪਤੀ ਵਲੋਂ ਪਤਨੀ 'ਤੇ ਉਸਦੀ ਮਰਜ਼ੀ ਤੋਂ ਬਗੈਰ ਜਿਨਸੀ ਹਮਲੇ ਨੂੰ ਬਲਾਤਕਾਰ ਮੰਨਿਆ ਜਾਣਾ ਚਾਹੀਦਾ ਹੈ।
ਕੀ ਹੈ ਵਿਆਹੁਤਾ ਬਲਾਤਕਾਰ ?
ਵਿਆਹੁਤਾ ਬਲਾਤਕਾਰ ਪਤੀ ਦੁਆਰਾ ਪਤਨੀ ਦੀ ਆਗਿਆ ਤੋਂ ਬਿਨਾਂ ਜਬਰੀ ਸਰੀਰਕ ਸਬੰਧ ਬਣਾਉਣਾ ਹੈ। ਬਿਨਾਂ ਸਹਿਮਤੀ ਦੇ ਸਬੰਧ ਬਣਾਉਣ ਕਾਰਨ ਇਸ ਨੂੰ ਵਿਆਹੁਤਾ ਬਲਾਤਕਾਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਵਿਆਹੁਤਾ ਬਲਾਤਕਾਰ ਨੂੰ ਘਰੇਲੂ ਹਿੰਸਾ ਅਤੇ ਪਤਨੀ ਵਿਰੁੱਧ ਜਿਨਸੀ ਹਮਲੇ ਦਾ ਇੱਕ ਰੂਪ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਡਾਂਸ ਗਰੁੱਪ 'ਚ ਸ਼ਾਮਲ ਹੋ ਜਦੋ ਮਿਆਮੀ 'ਚ ਸਿੱਖ ਵਿਅਕਤੀ ਨੇ ਪਾਇਆ ਭੰਗੜਾ, ਸਭ ਨੂੰ ਨੱਚਣ ਲਈ ਕੀਤਾ ਮਜਬੂਰ, ਵੇਖੋ ਵੀਡੀਓ