ਹਿਰਾਸਤ 'ਚ ਲਏ ਲੀਡਰਾਂ ਨੂੰ ਲੱਗੀ ਠੰਢ, ਹੋਟਲਾਂ ਤੋਂ ਸਰਕਾਰੀ ਗੈਸਟ ਹਾਊਸ 'ਚ ਸ਼ਿਫਟ, ਕੁੱਟਮਾਰ ਦੇ ਇਲਜ਼ਾਮ
ਜੰਮੂ-ਕਸ਼ਮੀਰ ਵਿੱਚ ਨਜ਼ਰਬੰਦ 34 ਨੇਤਾਵਾਂ ਨੂੰ ਐਤਵਾਰ ਨੂੰ ਗੰਭੀਰ ਠੰਢ ਲੱਗਣ ਕਰਕੇ ਸ੍ਰੀਨਗਰ ਦੇ ਇੱਕ ਹੋਟਲ ਤੋਂ ਸਰਕਾਰੀ ਗੈਸਟ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਗਿਆ। ਉਨ੍ਹਾਂ ਨੂੰ 5 ਅਗਸਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਨੇਤਾਵਾਂ ਵਿੱਚ ਕਸ਼ਮੀਰ ਦੇ ਸਾਬਕਾ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਹਨ।
ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਨਜ਼ਰਬੰਦ 34 ਨੇਤਾਵਾਂ ਨੂੰ ਐਤਵਾਰ ਨੂੰ ਗੰਭੀਰ ਠੰਢ ਲੱਗਣ ਕਰਕੇ ਸ੍ਰੀਨਗਰ ਦੇ ਇੱਕ ਹੋਟਲ ਤੋਂ ਸਰਕਾਰੀ ਗੈਸਟ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਗਿਆ। ਉਨ੍ਹਾਂ ਨੂੰ 5 ਅਗਸਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਨੇਤਾਵਾਂ ਵਿੱਚ ਕਸ਼ਮੀਰ ਦੇ ਸਾਬਕਾ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਹਨ।
ਇਸ 'ਤੇ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ ਨੇ ਟਵੀਟ ਕੀਤਾ ਕਿ ਪੁਲਿਸ ਨੇ ਸ਼ਿਫਟ ਕਰਨ ਵੇਲੇ ਲੀਡਰਾਂ ਨਾਲ ਕੁੱਟਮਾਰ ਵੀ ਕੀਤੀ। ਇਲਤਿਜਾ ਨੇ ਕਿਹਾ ਕਿ ਸੱਜਾਦ ਲੋਨ, ਸ਼ਾਹ ਫੈਸਲ ਤੇ ਵਾਹੀਦ ਪਾਰਾ ਨਾਲ ਬਦਸਲੂਕੀ ਕੀਤੀ ਗਈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ।
ਸੱਜਾਦ ਲੋਨ ਦੀ ਪਾਰਟੀ ਦਾ ਕਹਿਣਾ ਹੈ ਕਿ ਸੁਰੱਖਿਆ ਜਾਂਚ ਦੇ ਨਾਂ 'ਤੇ ਲੋਨ ਨੂੰ ਕੁੱਟਿਆ ਗਿਆ। ਜਦਕਿ ਇਲਤਿਜਾ ਨੇ ਕਿਹਾ, 'ਕੀ ਤੁਸੀਂ ਚੁਣੇ ਹੋਏ ਨੇਤਾਵਾਂ ਨਾਲ ਅਜਿਹਾ ਵਰਤਾਓ ਕਰਦੇ ਹੋ, ਉਨ੍ਹਾਂ ਦਾ ਨਿਰਾਦਰ ਕਿਉਂ? ਇਹ ਉਹੀ ਵਾਹੀਦ ਪਾਰਾ ਹੈ, ਜਿਨ੍ਹਾਂ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਪ੍ਰਸ਼ੰਸਾ ਕੀਤੀ ਸੀ। ਇਹ ਉਹੀ ਸ਼ਾਹ ਫੈਸਲ ਹੈ ਜਿਨ੍ਹਾਂ ਨੇ ਯੂਪੀਐਸਸੀ ਵਿੱਚ ਟਾਪ ਕੀਤਾ ਸੀ ਤੇ ਜਿਨ੍ਹਾਂ ਨੂੰ ਕਸ਼ਮੀਰ ਦਾ ਰੋਲ ਮਾਡਲ ਕਿਹਾ ਜਾਂਦਾ ਸੀ। ਕਦੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਸੀ ਤੇ ਹੁਣ ਇਨ੍ਹਾਂ ਦੀ ਬੇਇਜ਼ਤੀ।'
ਸ਼ਿਫਟ ਕੀਤੇ ਗਏ ਨੇਤਾਵਾਂ ਵਿੱਚ ਨੈਸ਼ਨਲ ਕਾਨਫਰੰਸ (ਐਨਸੀ), ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਤੇ ਪੀਪਲਜ਼ ਕਾਨਫਰੰਸ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਲੋਕ ਸ਼ਾਮਲ ਹਨ। ਸਾਰੇ ਰਾਜਨੇਤਾਵਾਂ ਨੂੰ ਭਾਰਤੀ ਸੈਰ-ਸਪਾਟਾ ਵਿਕਾਸ ਕਾਰਪੋਰੇਸ਼ਨ (ਆਈਟੀਡੀਸੀ) ਦੇ ਸੈਂਟਾਰ ਹੋਟਲ ਵਿੱਚ ਠਹਿਰਾਇਆ ਗਿਆ ਸੀ। ਉਨ੍ਹਾਂ 'ਤੇ ਹੁਣ ਤੱਕ 2.65 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।