ਮੰਤਰੀ ਨੇ ਮੀਂਹ ਪੁਵਾਉਣ ਲਈ ਕਰਵਾਇਆ ਡੱਡੂਆਂ ਦਾ ਵਿਆਹ

ਛਤਰਪੁਰ: ਮੱਧ ਪ੍ਰਦੇਸ਼ ਟੂਰਿਜ਼ਮ ਦੀ ਟੈਗਲਾਈਨ 'ਐਮਪੀ ਅਜਬ ਹੈ, ਸਭ ਤੋਂ ਗਜਬ ਹੈ' ਇਕ ਵਾਰ ਫਿਰ ਸੱਚ ਸਾਬਿਤ ਹੋਈ ਹੈ। ਹੁਣ ਮੱਧ ਪ੍ਰਦੇਸ਼ 'ਚ ਮੰਤਰੀ ਵੀ ਟੂਣਿਆਂ ਦਾ ਸਹਾਰਾ ਲੈ ਰਹੇ ਹਨ। ਬੁੰਦੇਲਖੰਡ 'ਚ ਸੋਕੇ ਤੋਂ ਨਿਪਟਾਰੇ ਲਈ ਤੇ ਚੰਗੀ ਬਾਰਸ਼ ਲਈ ਮੱਧ ਪ੍ਰਦੇਸ਼ ਸਰਕਾਰ 'ਚ ਮਹਿਲਾ ਬਾਲ ਵਿਕਾਸ ਰਾਜ ਮੰਤਰੀ ਲਲਿਤਾ ਯਾਦਵ ਨੇ ਨਰ ਤੇ ਮਾਦਾ ਡੱਡੂ ਦਾ ਵਿਆਹ ਕਰਵਾ ਕੇ ਅੰਧ-ਵਿਸ਼ਵਾਸ ਨੂੰ ਹੋਰ ਅੱਗੇ ਤੋਰਿਆ।
ਜ਼ਿਕਰਯੋਗ ਹੈ ਕਿ ਵਿਧਾਇਕ ਲਲਿਤ ਯਾਦਵ ਨੇ ਆਪਣੀ ਹੀ ਪਾਰਟੀ ਦੇ ਕਾਰਕੁੰਨਾਂ ਸਣੇ ਸ਼ਹਿਰ ਦੇ ਪ੍ਰਸਿੱਧ ਫੂਲਾਦੇਵੀ ਮੰਦਰ 'ਚ ਪੂਰੇ ਰੀਤੀ-ਰਿਵਾਜਾਂ ਨਾਲ ਡੱਡੂ ਤੇ ਡੱਡ ਦਾ ਵਿਆਹ ਕਰਵਾਇਆ ਹੈ। ਇੰਨਾ ਹੀ ਨਹੀਂ ਇਸ ਵਿਆਹ 'ਚ ਖਾਣ-ਪੀਣ ਦੀ ਵੀ ਪੂਰੀ ਵਿਵਸਥਾ ਕੀਤੀ ਗਈ ਸੀ।
ਲਲਿਤਾ ਯਾਦਵ ਨੇ ਦੱਸਿਆ ਕਿ ਜਿਵੇਂ ਟਟੀਹਿਰੀ ਦੇ ਆਂਡੇ ਚੰਗੀ ਬਾਰਸ਼ ਦਾ ਅੰਦਾਜ਼ਾ ਲਾਉਣ ਦੀ ਪੁਰਾਣੀ ਮਾਨਤਾ ਹੈ ਉਸੇ ਤਰ੍ਹਾਂ ਡੱਡੂਆਂ ਦਾ ਵਿਆਹ ਰਚਾਉਣ ਦੀ ਵੀ ਰਵਾਇਤ ਹੈ। ਦੱਸਿਆ ਜਾਂਦਾ ਹੈ ਕਿ ਬੁੰਦੇਲਖੰਡ 'ਚ ਪ੍ਰਾਚੀਨ ਸਮੇਂ ਤੋਂ ਹੀ ਇੰਦਰ ਦੇਵ ਨੂੰ ਖੁਸ਼ ਕਰਨ ਦੀ ਮਾਨਤਾ ਹੈ।




















