ਤਾਲਿਬਾਨ ਨੇ ਪਾਈ ਬਿਪਤਾ, ਪੀਐਮ ਮੋਦੀ ਨੇ ਸੱਦੀ ਸਰਬਦਲੀ ਮੀਟਿੰਗ
ਹੁਣ ਭਾਰਤ ਸਰਕਾਰ ਨੇ ਇਹ ਤੈਅ ਕਰਨਾ ਹੈ ਕਿ ਉਸ ਦੀ ਰਣਨੀਤੀ ਕੀ ਹੋਵੇਗੀ। ਇਹੀ ਰਣਨੀਤੀ ਅੱਜ ਦੀ ਬੈਠਕ ਦਾ ਮੁੱਖ ਏਜੰਡਾ ਹੋਵੇਗੀ।
ਨਵੀਂ ਦਿੱਲੀ: ਅਫਗਾਨਿਸਤਾਨ 'ਚ ਲਗਾਤਾਰ ਬਦਲਦੇ ਹਾਲਾਤ ਦੇ ਵਿਚ ਅੱਜ ਸਰਕਾਰ ਦੇ ਸਰਬਦਲੀ ਬੈਠਕ ਸੱਦੀ ਹੈ। ਅਫਗਾਨਿਸਤਾਨ ਨੂੰ ਲੈਕੇ ਸਰਕਾਰ ਦਾ ਕੀ ਰੁਖ਼ ਹੋਵੇਗਾ ਤੇ ਹੁਣ ਤਕ ਆਪਣੇ ਲੋਕਾਂ ਤੇ ਦੇਸ਼ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਕੀ ਕੁਝ ਕੀਤਾ ਗਿਆ। ਇਸ 'ਤੇ ਵਿਦੇਸ਼ ਮੰਤਰੀ ਜਾਣਕਾਰੀ ਦੇਣਗੇ। ਤਾਲਿਬਾਨੀ ਸ਼ਾਸਨ ਆਉਣ ਨਾਲ ਪਾਕਿਸਤਾਨ ਤੇ ਚੀਨ ਬਾਗੋਬਾਗ ਹਨ। ਪਰ ਹੁਣ ਭਾਰਤ ਸਰਕਾਰ ਨੇ ਇਹ ਤੈਅ ਕਰਨਾ ਹੈ ਕਿ ਉਸ ਦੀ ਰਣਨੀਤੀ ਕੀ ਹੋਵੇਗੀ। ਇਹੀ ਰਣਨੀਤੀ ਅੱਜ ਦੀ ਬੈਠਕ ਦਾ ਮੁੱਖ ਏਜੰਡਾ ਹੋਵੇਗੀ।
ਕਾਂਗਰਸ ਸਮੇਤ ਵਿਰੋਧੀ ਦਲਾਂ ਦੀ ਮੰਗ ਕੀ ਹੈ?
ਕਾਂਗਰਸ ਸਮੇਤ ਵਿਰੋਧੀ ਦਲਾਂ ਵੱਲੋਂ ਇਹ ਮੰਗ ਹੁੰਦੀ ਰਹੀ ਹੈ ਕਿ ਸਰਕਾਰ ਤਾਲਿਬਾਨ ਦੇ ਨਾਲ ਹੋ ਰਹੇ ਸੰਪਰਕ ਤੇ ਸੰਵਾਦ ਨੂੰ ਲੈਕੇ ਤੱਥ ਸਾਹਮਣੇ ਰੱਖੇ। ਇਸ ਤੋਂ ਇਲਾਵਾ ਅਫਗਾਨਿਸਤਾਨ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਨਿਕਾਸੀ ਤੇ ਵਿਦੇਸ਼ ਨੀਤੀ ਦੇ ਵਿਕਲਪਾਂ ਤੇ ਵੀ ਸਭ ਨੂੰ ਭਰੋਸੇ ਚ ਲਵੇ। ਅਫਗਾਨਿਸਤਾਨ, ਏਸ਼ੀਆ 'ਚ ਪਾਕਿਸਤਾਨ ਤੇ ਚੀਨ ਨੂੰ ਕਾਊਂਟਰ ਕਰਨ ਲਈ ਭਾਰਤ ਲਈ ਅਹਿਮ ਰਣਨੀਤਿਕ ਸਾਂਝੇਦਾਰ ਰਿਹਾ ਹੈ। ਪਰ ਹੁਣ ਹਾਲਾਤ ਤੇ ਹਕੀਕਤ ਦੋਵੇਂ ਬਦਲ ਗਏ ਹਨ। ਇਸ ਲਈ ਸਰਕਾਰ ਇਸ ਮੁੱਦੇ 'ਤੇ ਸੋਚ ਸੋਚ ਕੇ ਕਦਮ ਰੱਖ ਰਹੀ ਹੈ।
ਬੈਠਕ 'ਚ ਸਰਕਾਰ ਵੱਲੋਂ ਕੌਣ-ਕੌਣ ਸ਼ਾਮਿਲ ਹੋਵੇਗਾ?
ਇਸ ਬੈਠਕ 'ਚ ਸਰਕਾਰ ਵੱਲੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ, ਮੀਨਾਕਸ਼ੀ ਲੇਖੀ ਤੇ ਰਾਜਕੁਮਾਰ ਰੰਜਨ ਸਿੰਘ ਹੋਣਗੇ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਪੀਊਸ਼ ਗੋਇਲ ਵੀ ਮੌਜੂਦ ਰਹਿਣਗੇ। ਬੈਠਕ ਦੀ ਮੇਜ਼ਬਾਨੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਕਰਨਗੇ।
ਕਾਂਗਰਸ ਲੀਡਰ ਅਧੀਰ ਰੰਜਨ ਚੌਧਰੀ, ਰਾਜਸਭਾ ਲੀਡਰ ਮਲਿਕਅਰਜੁਨ ਖੜਗੇ, ਟੀਐਮਸੀ ਤੋਂ ਸੁਦੀਪ ਬੰਦੋਪਾਧਿਆਇ ਤੇ ਰਾਜਸਭਾ 'ਚ ਪਾਰਟੀ ਲੀਡਰ ਸੁਕੇਂਦੂ ਸ਼ੇਖਰ ਰਾਇ, ਐਨਸੀਪੀ ਤੋਂ ਸ਼ਰਦ ਪਵਾਰ ਰਹਿਣਗੇ। ਬੈਠਕ 'ਚ ਵਿਦੇਸ਼ ਮੰਤਰਾਲੇ ਵੱਲੋਂ ਆਪਰੇਸ਼ਨ ਦੇਵੀ ਸ਼ਕਤੀ ਯਾਨੀ ਅਫ਼ਗਾਨਿਸਤਾਨ ਤੋਂ ਭਾਰਤੀਆਂ ਤੇ ਅਫਗਾਨ ਘੱਟ ਗਿਣਤੀਆਂ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਕੱਢਣ ਲਈ ਚਲਾਈ ਜਾ ਰਹੀ ਮੁਹਿੰਮ 'ਤੇ ਅਧਿਕਾਰਤ ਜਾਣਕਾਰੀ ਦਿੱਤੀ ਜਾਵੇਗੀ।