ਦੇਸ਼ 'ਚ ਪਹਿਲੀ ਵਾਰ ਹੋਇਆ ਇਹ ਕੰਮ, ਮਰਦਾਂ ਨਾਲੋਂ ਔਰਤਾਂ ਦੀ ਗਿਣਤੀ ਵਧੇਰੇ, ਨੈਸ਼ਨਲ ਫੈਮਿਲੀ ਹੈਲਥ ਸਰਵੇ 'ਚ ਖੁਲਾਸਾ
National Family and Health Survey: NITI Aayog 'ਚ ਸਿਹਤ ਕਮੇਟੀ ਦੇ ਮੈਂਬਰ ਵੀਕੇ ਪਾਲ ਨੇ ਕਿਹਾ ਕਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 ਦਰਸਾਉਂਦਾ ਹੈ ਕਿ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ ਨੂੰ ਪ੍ਰਾਪਤ ਕਰਨ ਵੱਲ ਵਧੇਰੇ ਪ੍ਰਗਤੀ ਹੋਈ ਹੈ।
ਨਵੀਂ ਦਿੱਲੀ: ਨੈਸ਼ਨਲ ਫੈਮਿਲੀ ਐਂਡ ਹੈਲਥ ਸਰਵੇ (NFHS) ਮੁਤਾਬਕ ਦੇਸ਼ 'ਚ ਹੁਣ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੈ। ਤਾਜ਼ਾ ਸਰਵੇਖਣ ਦੇ ਅੰਕੜਿਆਂ ਦਰਸ਼ਾਉਂਦੇ ਹਨ ਕਿ ਭਾਰਤ ਵਿੱਚ ਹੁਣ ਪ੍ਰਤੀ 1000 ਮਰਦਾਂ ਪਿੱਛੇ 1020 ਔਰਤਾਂ ਹਨ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਣਨ ਦਰ ਵਿੱਚ ਕਮੀ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਅੰਕੜੇ ਜਾਰੀ ਕੀਤੇ। ਦੱਸ ਦੇਈਏ ਕਿ NFHS ਇੱਕ ਵੱਡੇ ਪੱਧਰ ਦਾ ਸਰਵੇਖਣ ਹੈ, ਜਿਸ ਵਿੱਚ ਹਰ ਪਰਿਵਾਰ ਤੋਂ ਸੈਂਪਲ ਲਏ ਜਾਂਦੇ ਹਨ।
ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਹੁਣ ਭਾਰਤ ਵਿੱਚ ਔਰਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਸਥਿਤੀ ਕੁਝ ਹੋਰ ਸੀ। 1990 ਦੇ ਦਹਾਕੇ ਵਿੱਚ ਹਰ 1000 ਮਰਦਾਂ ਪਿੱਛੇ ਸਿਰਫ਼ 927 ਔਰਤਾਂ ਸੀ। ਸਾਲ 2005-06 ਵਿੱਚ ਕਰਵਾਏ ਤੀਜੇ NHFS ਸਰਵੇਖਣ ਵਿੱਚ ਇਹ 1000-1000 ਦੇ ਬਰਾਬਰ ਹੋ ਗਿਆ। ਇਸ ਤੋਂ ਬਾਅਦ 2015-16 ਵਿੱਚ ਚੌਥੇ ਸਰਵੇਖਣ ਵਿੱਚ ਇਹ ਅੰਕੜੇ ਫਿਰ ਘਟ ਗਏ। 1000 ਪੁਰਸ਼ਾਂ ਦੇ ਮੁਕਾਬਲੇ 991 ਔਰਤਾਂ ਸੀ। ਪਰ ਹੁਣ ਪਹਿਲੀ ਵਾਰ ਔਰਤਾਂ ਦਾ ਅਨੁਪਾਤ ਮਰਦਾਂ ਨੂੰ ਪਛਾੜ ਗਿਆ ਹੈ।
ਮਹਿਲਾ ਸਸ਼ਕਤੀਕਰਨ ਦਾ ਚੰਗਾ ਸੰਕੇਤ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਵਿਕਾਸ ਸ਼ੀਲ ਨੇ ਕਿਹਾ, “ਜਨਮ ਸਮੇਂ ਇੱਕ ਬਿਹਤਰ ਲਿੰਗ ਅਨੁਪਾਤ ਇੱਕ ਮਹੱਤਵਪੂਰਨ ਪ੍ਰਾਪਤੀ ਹੈ; ਭਾਵੇਂ ਅਸਲ ਤਸਵੀਰ ਮਰਦਮਸ਼ੁਮਾਰੀ ਤੋਂ ਹੀ ਸਾਹਮਣੇ ਆਵੇਗੀ, ਪਰ ਨਤੀਜਿਆਂ ਨੂੰ ਦੇਖਦਿਆਂ ਅਸੀਂ ਹੁਣ ਕਹਿ ਸਕਦੇ ਹਾਂ ਕਿ ਮਹਿਲਾ ਸਸ਼ਕਤੀਕਰਨ ਦੇ ਸਾਡੇ ਉਪਾਅ ਸਾਨੂੰ ਸਹੀ ਦਿਸ਼ਾ ਵੱਲ ਲੈ ਗਏ ਹਨ।
NHFS ਦਾ ਬਾਕੀ ਡਾਟਾ
ਸਰਵੇਖਣ ਦੇ ਕੁਝ ਹੋਰ ਅੰਕੜਿਆਂ ਮੁਤਾਬਕ, 15 ਸਾਲ ਤੋਂ ਘੱਟ ਉਮਰ ਦੀ ਆਬਾਦੀ ਦਾ ਹਿੱਸਾ, ਜੋ ਕਿ 2005-06 ਵਿੱਚ 34.9% ਸੀ, 2019-21 ਵਿੱਚ ਘੱਟ ਕੇ 26.5% ਰਹਿ ਗਿਆ ਹੈ। ਭਾਰਤ ਅਜੇ ਵੀ ਨੌਜਵਾਨ ਦੇਸ਼ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ-5 ਦੇ ਅਨੁਸਾਰ, ਇੱਕ ਔਰਤ ਵਲੋਂ ਆਪਣੇ ਜੀਵਨ ਕਾਲ ਵਿੱਚ ਔਸਤਨ ਬੱਚਿਆਂ ਨੂੰ ਜਨਮ ਦੇਣ ਦੀ ਗਿਣਤੀ 2.2 ਤੋਂ ਘੱਟ ਕੇ 2 ਰਹਿ ਗਈ ਹੈ। ਜਦੋਂ ਕਿ ਗਰਭ ਨਿਰੋਧਕ ਪ੍ਰਚਲਨ ਦਰ 54% ਤੋਂ ਵਧ ਕੇ 67% ਹੋ ਗਈ ਹੈ।
ਇਹ ਵੀ ਪੜ੍ਹੋ: Congress ਨੇ Captain Amarinder ਦੀ ਪਤਨੀ ਨੂੰ ਭੇਜਿਆ ਕਾਰਨ ਦੱਸੋ ਨੋਟਿਸ, ਜਵਾਬ ਨਾ ਦੇਣ 'ਤੇ ਹੋਵੇਗੀ ਕਾਰਵਾਈ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: