Nitin Gadkari ਨੇ ਕੀਤੀ ਨਹਿਰੂ ਤੇ ਵਾਜਪਾਈ ਦੀ ਸ਼ਲਾਘਾ, ਵਿਰੋਧੀ ਧਿਰ ਤੇ ਸਰਕਾਰ ਨੂੰ ਦਿੱਤੀ ਇਹ ਸਲਾਹ
ਗਡਕਰੀ ਨੇ ਕਿਹਾ ਕਿ ਅਟਲ ਜੀ ਦੀ ਰਾਜਨੀਤਕ ਵਿਰਾਸਤ ਸਾਡੀ ਪ੍ਰੇਰਣਾ ਹੈ ਤੇ ਭਾਰਤ ਦੇ ਲੋਕਤੰਤਰ ਵਿੱਚ ਨਹਿਰੂ ਦਾ ਯੋਗਦਾਨ ਮਹੱਤਵਪੂਰਨ ਹੈ। ਗਡਕਰੀ ਨੇ ਇਹ ਗੱਲ ਹਾਲ ਹੀ 'ਚ ਮੌਨਸੂਨ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਦੇ ਵਤੀਰੇ ਬਾਰੇ ਕਹੀ।
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪਾਈ ਨੂੰ "ਲੋਕਤੰਤਰ ਦੇ ਆਦਰਸ਼ ਸਿਆਸਤਦਾਨ" ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਆਤਮ-ਪੜਚੋਲ ਕਰਨ ਤੇ ਆਪਣੇ ਵਿਵਹਾਰ ਨੂੰ ਹੋਰ ਸੁਧਾਰਨ ਦੀ ਲੋੜ ਹੈ।
ਗਡਕਰੀ ਨੇ ਸੰਸਦ ਦੇ ਹਾਲੀਆ ਮੌਨਸੂਨ ਇਜਲਾਸ ਦੌਰਾਨ ਉੱਥੋਂ ਦੇ ਸੰਸਦ ਮੈਂਬਰਾਂ ਦੇ ਵਿਵਹਾਰ ਬਾਰੇ ਇਹ ਗੱਲ ਕਹੀ। ਦੱਸ ਦੇਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ, ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਪੈਗਾਸਸ ਜਾਸੂਸੀ ਮਾਮਲੇ ਕਾਰਨ ਸੰਸਦ ਦਾ ਲਗਪਗ ਪੂਰਾ ਸੈਸ਼ਨ ਹੰਗਾਮੇ ਵਿੱਚ ਲੰਘ ਗਿਆ।
ਨਿਤਿਨ ਗਡਕਰੀ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ, "ਵਾਜਪਾਈ ਤੇ ਨਹਿਰੂ ਭਾਰਤ ਦੇ ਲੋਕਤੰਤਰ ਦੇ ਆਦਰਸ਼ ਨੇਤਾ ਸੀ, ਦੋਵੇਂ ਆਪਣੇ ਲੋਕਤੰਤਰੀ ਮਾਣ-ਸਨਮਾਨ ਦੀ ਪਾਲਣਾ ਕਰਨ ਦੀ ਗੱਲ ਕਰਦੇ ਸੀ। ਅਟਲ ਜੀ ਦੀ ਰਾਜਨੀਤਕ ਵਿਰਾਸਤ ਸਾਡੀ ਪ੍ਰੇਰਣਾ ਹੈ ਤੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਭਾਰਤ ਦੇ ਲੋਕਤੰਤਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ।”
ਅਟਲ ਤੋਂ ਮਿਲਿਆ ਸਦਨ ਵਿੱਚ ਸਹੀ ਵਿਵਹਾਰ ਦਾ ਪਾਠ
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੇ ਦਿਨਾਂ ਨੂੰ ਯਾਦ ਕਰਦਿਆਂ ਗਡਕਰੀ ਨੇ ਕਿਹਾ, "ਇੱਕ ਸਮਾਂ ਸੀ ਜਦੋਂ ਮੈਂ ਵੀ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਵਿੱਚ ਸਭ ਤੋਂ ਅੱਗੇ ਸੀ। ਇਹ ਉਹ ਦਿਨ ਸਨ ਜਦੋਂ ਮੈਂ ਅਟਲ ਜੀ ਨੂੰ ਮਿਲਿਆ ਸੀ।" ਮੇਰੇ ਲਈ ਲੋਕਤੰਤਰ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਸਹੀ ਨਹੀਂ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਗੱਲ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕੋ।
ਸਰਕਾਰ ਤੇ ਵਿਰੋਧੀ ਧਿਰਾਂ ਨੂੰ ਸਵੈ-ਪੜਚੋਲ ਦੀ ਲੋੜ
ਇਸ ਦੇ ਨਾਲ ਹੀ ਗਡਕਰੀ ਨੇ ਕਿਹਾ, "ਸਰਕਾਰ ਤੇ ਵਿਰੋਧੀ ਧਿਰ ਸਾਰਿਆਂ ਨੂੰ ਸਦਨ ਵਿੱਚ ਆਪਣੇ ਵਿਵਹਾਰ ਬਾਰੇ ਆਤਮ-ਪੜਚੋਲ ਕਰਨ ਦੀ ਲੋੜ ਹੈ ਕਿਉਂਕਿ ਅੱਜ ਜੋ ਵਿਰੋਧੀ ਧਿਰ ਹੈ, ਉਹ ਕੱਲ੍ਹ ਸੱਤਾ ਵਿੱਚ ਵੀ ਆ ਸਕਦੀ ਹੈ ਤੇ ਅੱਜ ਦੀ ਸੱਤਾਧਾਰੀ ਪਾਰਟੀ ਭਲਕੇ ਵਿਰੋਧੀ ਧਿਰ ਵਿੱਚ ਬੈਠ ਸਕਦੀ ਹੈ।"
ਉਨ੍ਹਾਂ ਨੇ ਕਿਹਾ, "ਮੈਂ ਹੁਣ ਤੱਕ ਦੇ ਆਪਣੇ ਰਾਜਨੀਤਕ ਸਫਰ ਵਿੱਚ ਕਈ ਸਾਲਾਂ ਤੋਂ ਵਿਰੋਧੀ ਧਿਰ ਵਿੱਚ ਕੰਮ ਕੀਤਾ ਹੈ। ਇਸ ਲਈ ਕਿਤੇ ਨਾ ਕਿਤੇ ਹਰ ਕਿਸੇ ਨੂੰ ਸਨਮਾਨ ਦੀ ਪਾਲਣਾ ਕਰਨੀ ਚਾਹੀਦੀ ਹੈ।"
ਕਾਂਗਰਸ ਪਾਰਟੀ ਨੂੰ ਵਿਰੋਧੀ ਧਿਰ ਵਜੋਂ ਮਜ਼ਬੂਤ ਹੋਣ ਦੀ ਲੋੜ
ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ 'ਤੇ ਗਡਕਰੀ ਨੇ ਕਿਹਾ, "ਇੱਕ ਸਫਲ ਤੇ ਮਜ਼ਬੂਤ ਲੋਕਤੰਤਰ ਲਈ ਇੱਕ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹਿਰੂ ਨੇ ਹਮੇਸ਼ਾ ਵਾਜਪਾਈ ਜੀ ਦਾ ਆਦਰ ਕੀਤਾ। ਉਨ੍ਹਾਂ ਨੇ ਹਮੇਸ਼ਾ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸੇ ਲਈ ਕਾਂਗਰਸ ਪਾਰਟੀ ਇੱਕ ਵਿਰੋਧੀ ਧਿਰ ਦੇ ਰੂਪ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: Prepaid Smart Meters: ਬਿਜਲੀ ਚੋਰੀ ਰੋਕਣ ਲਈ ਮੋਦੀ ਸਰਕਾਰ ਦਾ ਵੱਡਾ ਫੈਸਲਾ, ਹਰ ਘਰ ਲੱਗਣਗੇ ਪ੍ਰੀਪੇਡ ਸਮਾਰਟ ਮੀਟਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin