Opposition Leaders March: 'ਲੋਕਤੰਤਰ ਦੀ ਹੱਤਿਆ, ਸਾਨੂੰ ਬੋਲਣ ਨਹੀਂ ਦਿੱਤਾ ਗਿਆ', ਵਿਰੋਧੀ ਧਿਰ ਦਾ ਪੈਦਲ ਮਾਰਚ
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਕੇਂਦਰ ਸੰਸਦ ਦੀ ਕਾਰਵਾਈ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਉਣਾ ਚਾਹੁੰਦਾ। ਸਰਕਾਰ ਬਿਨਾਂ ਚਰਚਾ ਦੇ ਕਾਨੂੰਨ ਪਾਸ ਕਰ ਰਹੀ ਹੈ।
ਨਵੀਂ ਦਿੱਲੀ: ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਵੀਰਵਾਰ ਨੂੰ ਸੰਸਦ ਤੋਂ ਵਿਜੇ ਚੌਕ ਵੱਲ ਮਾਰਚ ਕੱਢਿਆ। ਮਾਰਚ ਕੱਢਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਮੀਡੀਆ ਨਾਲ ਗੱਲ ਕਰਨ ਲਈ ਇੱਥੇ ਆਉਣਾ ਪਿਆ ਕਿਉਂਕਿ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਹੀਂ। ਇਹ ਲੋਕਤੰਤਰ ਦਾ ਕਤਲ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਖਤਮ ਹੋ ਗਿਆ ਹੈ। ਇਸ ਦੌਰਾਨ ਦੇਸ਼ ਦੀ 60 ਫੀਸਦੀ ਅਵਾਜ਼ ਨੂੰ ਕੁਚਲਿਆ ਗਿਆ, ਜ਼ਲੀਲ ਕੀਤਾ ਗਿਆ। ਰਾਜ ਸਭਾ ਵਿੱਚ ਪਹਿਲੀ ਵਾਰ ਸੰਸਦ ਮੈਂਬਰਾਂ ਨੂੰ ਕੁੱਟਿਆ ਗਿਆ, ਸੰਸਦ ਮੈਂਬਰਾਂ ਨੂੰ ਬਾਹਰੋਂ ਲੋਕਾਂ ਨੂੰ ਬੁਲਾ ਕੇ ਤੇ ਨੀਲੀ ਵਰਦੀ ਪਾ ਕੇ ਕੁੱਟਿਆ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਇਸ ਵੇਲੇ ਦੇਸ਼ ਨੂੰ ਵੇਚਣ ਦਾ ਕੰਮ ਕਰ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਦੀ ਆਤਮਾ ਨੂੰ ਦੋ-ਤਿੰਨ ਉਦਯੋਗਪਤੀਆਂ ਕੋਲ ਹੀ ਵੇਚ ਰਹੇ ਹਨ। ਇਸ ਲਈ ਵਿਰੋਧੀ ਧਿਰ ਘਰ ਦੇ ਅੰਦਰ ਕਿਸਾਨਾਂ, ਬੇਰੁਜ਼ਗਾਰਾਂ, ਬੀਮਾ ਬਿੱਲ ਤੇ ਪੈਗਾਸਸ ਬਾਰੇ ਗੱਲ ਨਹੀਂ ਕਰ ਸਕਦੀ।
ਅਸੀਂ ਸਰਕਾਰ ਨੂੰ ਪੇਗਾਸਸ 'ਤੇ ਬਹਿਸ ਕਰਨ ਲਈ ਕਿਹਾ ਪਰ ਸਰਕਾਰ ਨੇ ਇਨਕਾਰ ਕਰ ਦਿੱਤਾ। ਅਸੀਂ ਸੰਸਦ ਦੇ ਬਾਹਰ ਕਿਸਾਨਾਂ ਦਾ ਮੁੱਦਾ ਉਠਾਇਆ ਪਰ ਸਰਕਾਰ ਨੇ ਸਾਡੀ ਆਵਾਜ਼ ਨਹੀਂ ਸੁਣੀ। ਰਾਹੁਲ ਨੇ ਕਿਹਾ ਕਿ ਹੌਲੀ -ਹੌਲੀ ਤੁਸੀਂ ਦੇਸ਼ ਦੇ ਦਲਿਤਾਂ, ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਸੁਣੋਗੇ। ਇਹ ਆਵਾਜ਼ ਹੌਲੀ-ਹੌਲੀ ਵਧੇਗੀ, ਫਿਰ ਇੱਕ ਦਿਨ ਉਹ ਆਵਾਜ਼ ਤੂਫਾਨ ਬਣ ਜਾਵੇਗੀ ਅਤੇ ਉਹ ਤੂਫਾਨ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਘਰ ਤੋਂ ਬਾਹਰ ਕੱਢ ਦੇਵੇਗਾ।
ਸ਼ਿਵ ਸੈਨਾ ਦੇ ਐੱਮਪੀ ਸੰਜੇ ਰਾਉਤ ਨੇ ਦੋਸ਼ ਲਾਇਆ ਕਿ ਅਸੀਂ ਕੱਲ੍ਹ ਲੋਕਤੰਤਰ ਦੀ ਹੱਤਿਆ ਵੇਖੀ, ਜਿਸ ਤਰ੍ਹਾਂ ਕੱਲ੍ਹ ਰਾਜ ਸਭਾ ਵਿੱਚ, ਮਾਰਸ਼ਲ ਦੇ ਕੱਪੜੇ ਪਹਿਨੇ ਨਿੱਜੀ ਲੋਕਾਂ ਨੇ ਸਾਡੇ ਸੰਸਦ ਮੈਂਬਰਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਰਸ਼ਲ ਨਹੀਂ ਸਨ, ਸੰਸਦ ਵਿੱਚ ਮਾਰਸ਼ਲ ਲਾਅ ਲਗਾਇਆ ਗਿਆ ਸੀ।
ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ-ਸੈਕੂਲਰ (ਜੇਡੀਐਸ) ਦੇ ਪ੍ਰਧਾਨ ਐਚਡੀ ਦੇਵਗੌੜਾ ਨੇ ਕਿਹਾ ਕਿ ਮੈਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਪਰ ਸਦਨ ਨੂੰ ਕੰਮ ਕਰਨਾ ਚਾਹੀਦਾ ਹੈ। ਦੋਵਾਂ ਧਿਰਾਂ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਨਵੰਬਰ ਵਿੱਚ ਹੋਣ ਵਾਲੇ ਸੈਸ਼ਨ ਵਿੱਚ ਸੰਸਦ ਦੀ ਕਾਰਵਾਈ ਚਲਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ।
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਕੇਂਦਰ ਸੰਸਦ ਦੀ ਕਾਰਵਾਈ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਉਣਾ ਚਾਹੁੰਦਾ। ਸਰਕਾਰ ਬਿਨਾਂ ਚਰਚਾ ਦੇ ਕਾਨੂੰਨ ਪਾਸ ਕਰ ਰਹੀ ਹੈ। ਕੋਰੋਨਾ ਟੀਕਾਕਰਨ, ਮੌਜੂਦਾ ਆਰਥਿਕ ਸਥਿਤੀ, ਬੇਰੁਜ਼ਗਾਰੀ, ਖੇਤੀਬਾੜੀ ਕਾਨੂੰਨਾਂ 'ਤੇ ਚਰਚਾ ਹੋਣੀ ਚਾਹੀਦੀ ਹੈ ਪਰ ਸਰਕਾਰ ਭੱਜ ਰਹੀ ਹੈ।
ਪੂਰੇ ਦੇਸ਼ ਨੂੰ ਬਦਨਾਮ ਕਰ ਰਹੀ ਵਿਰੋਧੀ ਧਿਰ: ਸਰਕਾਰ
ਵਿਰੋਧੀ ਧਿਰ ਦੇ ਪ੍ਰਦਰਸ਼ਨ ਨੂੰ ਲੈ ਕੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਵਿਰੋਧੀ ਧਿਰਦ ਕੁਝ ਹੋਰ ਲੋਕ ਤਾਂ ਸ਼ੁਰੂ ਤੋਂ ਹੀ ਆਖ ਰਹੇ ਸਨ ਕਿ ਅਸੀਂ ਸੰਸਦ ਦੇ ਸੈਸ਼ਨ ਨੂੰ ਵਾਸ਼ ਆਊਟ ਕਰਨ ਲਈ ਵਾਸ਼ਿੰਗ ਮਸ਼ੀਨ ਲੈ ਕੇ ਆਏ ਹਾਂ। ਤੁਸੀਂ ਸਿਰਫ਼ ਸੰਸਦ ਨੂੰ ਹੀ ਬਦਨਾਮ ਨਹੀਂ ਕਰ ਰਹੇ, ਸਗੋਂ ਪੂਰੇ ਦੇਸ਼ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹੋ।