Vande Bharat Express Train: ਪੀਐਮ ਮੋਦੀ ਨੇ ਵਿਖਾਈ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ, ਚੰਡੀਗੜ੍ਹ ਤੇ ਆਨੰਦਪੁਰ ਸਾਹਿਬ ਵੀ ਰੁਕੇਗੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਅੱਜ ਹਿਮਾਚਲ ਪ੍ਰਦੇਸ਼ ਦੇ ਊਨਾ ਰੇਲਵੇ ਸਟੇਸ਼ਨ ਤੋਂ ਉਦਘਾਟਨ ਕੀਤਾ। ਇਹ ਟਰੇਨ ਦਿੱਲੀ ਲਈ ਰਵਾਨਾ ਕੀਤੀ ਗਈ।
Vande Bharat Express Train: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਅੱਜ ਹਿਮਾਚਲ ਪ੍ਰਦੇਸ਼ ਦੇ ਊਨਾ ਰੇਲਵੇ ਸਟੇਸ਼ਨ ਤੋਂ ਉਦਘਾਟਨ ਕੀਤਾ। ਇਹ ਟਰੇਨ ਦਿੱਲੀ ਲਈ ਰਵਾਨਾ ਕੀਤੀ ਗਈ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਦਿ ਮੌਜੂਦ ਸਨ।
ਉਧਰ, ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਸ਼ੁਰੂ ਹੋਣ ਵਾਲੀ ਵੰਦੇ ਭਾਰਤ ਸਵਾਰੀ ਰੇਲ ਗੱਡੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਝੰਡੀ ਦੇਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਨ੍ਹਾਂ ਆਗੂਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਰੇਲ ਗੱਡੀ ਚਲਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਡੀ ਨਾਲ ਸੈਰ ਸਪਾਟਾ ਨੂੰ ਉਤਸ਼ਾਹ ਮਿਲੇਗਾ।
ਇਸ ਰੇਲ ਗੱਡੀ ਨਾਲ ਪੰਜਾਬ ਨੂੰ ਵੀ ਫਾਇਦਾ ਹੋਏਗਾ। ਸੂਤਰਾਂ ਮੁਤਾਬਕ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਚੰਡੀਗੜ੍ਹ ਤੇ ਆਨੰਦਪੁਰ ਸਾਹਿਬ ਵੀ ਰੁਕੇਗੀ। ਇਸ ਬਾਰੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਟਰੇਨ ਦਿੱਲੀ ਤੋਂ ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੱਕ ਚੱਲੇਗੀ। ਇਹ ਟਰੇਨ ਬੁੱਧਵਾਰ ਛੱਡ ਕੇ ਹਫ਼ਤੇ ਦੇ ਹਰ ਦਿਨ ਚੱਲੇਗੀ।
ਅਧਿਕਾਰੀਆਂ ਮੁਤਾਬਕ ਦਿੱਲੀ ਤੇ ਊਨਾ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਅੰਬਾਲਾ, ਚੰਡੀਗੜ੍ਹ ਤੇ ਆਨੰਦਪੁਰ ਸਾਹਿਬ ਰੁਕੇਗੀ। ਦੱਸ ਦਈਏ ਕਿ ਪਿਛਲੇ ਮਹੀਨੇ ਮੋਦੀ ਨੇ ਗੁਜਰਾਤ ਵਿੱਚ ਤੀਜੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿੱਤੀ ਸੀ। ਇਹ ਟਰੇਨ ਗਾਂਧੀਨਗਰ ਤੋਂ ਮੁੰਬਈ ਤੱਕ ਚੱਲਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :