ਪੁਲਿਸ ਦੀਆਂ ਬੰਦੂਕਾਂ ਨੂੰ ਲੱਗਿਆ ਜੰਗਾਲ! ‘ਗਾਰਡ ਆਫ਼ ਆਨਰ’ ਵੇਲੇ 10 ਰਾਈਫ਼ਲਾਂ ’ਚੋਂ ਸਿਰਫ 4 ਹੀ ਚੱਲੀਆਂ, ਉੱਡਿਆ ਮਜ਼ਾਕ
ਕਾਫ਼ੀ ਮਿਹਨਤ ਤੋਂ ਬਾਅਦ 10 ਜਵਾਨਾਂ ’ਚੋਂ ਸਿਰਫ਼ ਚਾਰ ਜਵਾਨਾਂ ਦੀਆਂ ਰਾਈਫ਼ਲਾਂ ’ਚੋਂ ਹੀ ਗੋਲੀ ਚੱਲ ਸਕੀ, ਜਿਸ ਤੋਂ ਬਾਅਦ ‘ਗਾਰਡ ਆੱਫ਼ ਆੱਨਰ’ ਦੇਣ ਦਾ ‘ਕੋਟਾ’ ਪੂਰਾ ਕੀਤਾ ਗਿਆ।
ਮੁੰਗੇਰ (ਬਿਹਾਰ): ਬਿਹਾਰ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਤਾਜ਼ਾ ਮਾਮਲਾ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦਾ ਹੈ, ਜਿੱਥੇ ‘ਗਾਰਡ ਆਫ਼ ਆੱਨਰ’ ਦੌਰਾਨ ਬਿਹਾਰ ਪੁਲਿਸ ਦੇ ਜਵਾਨਾਂ ਦੀਆਂ ਰਾਈਫ਼ਲਾਂ ’ਚੋਂ ਗੋਲੀਆਂ ਨਹੀਂ ਚੱਲੀਆਂ। ਕਾਫ਼ੀ ਮਿਹਨਤ ਤੋਂ ਬਾਅਦ 10 ਜਵਾਨਾਂ ’ਚੋਂ ਸਿਰਫ਼ ਚਾਰ ਜਵਾਨਾਂ ਦੀਆਂ ਰਾਈਫ਼ਲਾਂ ’ਚੋਂ ਹੀ ਗੋਲੀ ਚੱਲ ਸਕੀ, ਜਿਸ ਤੋਂ ਬਾਅਦ ‘ਗਾਰਡ ਆੱਫ਼ ਆੱਨਰ’ ਦੇਣ ਦਾ ‘ਕੋਟਾ’ ਪੂਰਾ ਕੀਤਾ ਗਿਆ। ਦਰਅਸਲ, ਬੀਤੀ 3 ਮਾਰਚ ਨੂੰ ਹਜ਼ਰਤ ਮੌਲਾਨਾ ਸਈਅਦ ਵਲੀ ਰਹਿਮਾਨੀ ਦਾ ਪਟਨਾ ਦੇ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਦੇਹਾਂਤ ਹੋ ਗਿਆ ਸੀ।
ਰਹਿਮਾਨੀ ਦੀ ਮੌਤ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤੇ ਜਾਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਸਨ।
ਸਨਿੱਚਰਵਾਰ ਦੇਰ ਰਾਤੀਂ ਮ੍ਰਿਤਕ ਦੇਹ ਨੂੰ ਮੁੰਗੇਰ ਸਥਿਤ ਖ਼ਾਨਗਾਹ ਰਹਿਮਾਨੀ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੇ ਆਖ਼ਰੀ ਦਰਸ਼ਨਾਂ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਉੱਥੇ ਕੋਰੋਨਾ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
ਆਖ਼ਰੀ ਨਮਾਜ਼ ਤੋਂ ਪਹਿਲਾਂ ਮੁੰਗੇਰ ਦੇ ਡੀਐਮ, ਡੀਆਈਜੀ ਤੇ ਐਸਪੀ ਨੇ ਉਨ੍ਹਾਂ ਦੇ ਜਨਾਜ਼ੇ ’ਤੇ ਤਿਰੰਗਾ ਰੱਖਿਆ ਤੇ ਜਵਾਨਾਂ ਨੂੰ ‘ਗਾਰਡ ਆੱਫ਼ ਆੱਨਰ’ (ਸਲਾਮੀ) ਦੇਣ ਦਾ ਹੁਕਮ ਦਿੱਤਾ। ਹੁਕਮ ਤੋਂ ਬਾਅਦ ਜਿਵੇਂ ਹੀ ਪੁਲਿਸ ਦੇ ਜਵਾਨਾਂ ਨੇ ਫ਼ਾਇਰਿੰਗ ਕਰਨੀ ਚਾਹੀ, ਉਨ੍ਹਾਂ ਦੀਆਂ ਰਾਈਫ਼ਲਾਂ ਫਸ ਗਈਆਂ।
ਇਹ ਸਭ ਵੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਜਵਾਨਾਂ ਨੇ ਦੋਬਾਰਾ ਆਪਣੀਆਂ ਰਾਈਫ਼ਲਾਂ ਲੋਡ ਕੀਤੀਆਂ ਪਰ ਉਸ ਦਾ ਵੀ ਕੋਈ ਫ਼ਾਇਦਾ ਨਹੀਂ ਹੋਇਆ। ਸਾਰੇ ਜੁਗਾੜ ਲਾਉਣ ਦੇ ਬਾਵਜੂਦ 10 ਵਿੱਚੋਂ ਸਿਰਫ਼ 4 ਰਾਈਫ਼ਲਾਂ ’ਚੋਂ ਹੀ ਫ਼ਾਈਰਿੰਗ ਸ਼ੁਰੂ ਹੋ ਸਕੀ। ਹੁਣ ਇਸ ਮਾਮਲੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ।
ਇਸ ਬਾਰੇ ਰਾਸ਼ਟਰੀ ਜਨਤਾ ਦਲ ਦੇ ਆਗੂ ਮੁਕੇਸ਼ ਯਾਦਵ ਨੇ ਕਿਹਾ ਕਿ ਬਿਹਾਰ ਦੀ ਸਿਆਸਤ ਬਿਲਕੁਲ ਹੇਠਲੇ ਪੱਧਰ ਤੱਕ ਡਿੱਗ ਚੁੱਕੀ ਹੈ। ਨੀਤੀਸ਼ ਸਰਕਾਰ ’ਚ ਪੁਲਿਸ ਆਪਣੀ ਰਾਈਫ਼ਲ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕਰ ਰਹੀ, ਇਸੇ ਲਈ ਰਹਿਮਾਨੀ ਜੀ ਨੂੰ ਦਫ਼ਨਾਉਣ ਦੌਰਾਨ ਇਹ ਘਟਨਾ ਵਾਪਰੀ।