ਦੇਸ਼ 'ਚ ਬਿਜਲੀ ਸੰਕਟ ਹੋਰ ਡੂੰਘਾ ਹੋਣ ਦਾ ਖਦਸ਼ਾ, ਪੰਜਾਬ ਸਮੇਤ 10 ਸੂਬਿਆਂ 'ਚ ਕੋਲੇ ਦੀ ਕਮੀ
ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨੇ ਕਿਹਾ ਹੈ ਕਿ ਕੋਲੇ ਦੇ ਸੰਕਟ ਨਾਲ ਨਜਿੱਠਣ ਤੇ ਬਿਜਲੀ ਉਤਪਾਦਨ ਜਾਰੀ ਰੱਖਣ ਲਈ ਕੇਂਦਰ ਸਰਕਾਰ ਖਾਣਾਂ ਦੇ ਨੇੜੇ ਪਲਾਂਟਾਂ ਲਈ ਲਿੰਕੇਜ ਕੋਲੇ 'ਤੇ ਸੂਬਿਆਂ ਨੂੰ 25 ਫੀਸਦੀ ਟੋਲਿੰਗ ਸਹੂਲਤ ਦੇਵੇਗੀ।
Coal Shortage: ਕਹਿਰ ਦੀ ਗਰਮੀ ਦੇ ਵਿਚਕਾਰ ਦੇਸ਼ ਭਰ 'ਚ ਬਿਜਲੀ ਸੰਕਟ ਡੂੰਘਾ ਹੋਣ ਦੀ ਕਗਾਰ 'ਤੇ ਹੈ। ਯੂਪੀ, ਮਹਾਰਾਸ਼ਟਰ, ਪੰਜਾਬ ਸਮੇਤ 10 ਸੂਬਿਆਂ ਵਿੱਚ ਕੋਲੇ ਦੀ ਭਾਰੀ ਕਮੀ ਹੋ ਗਈ ਹੈ। ਇਸ ਦੌਰਾਨ ਬਿਜਲੀ ਦੀ ਮੰਗ ਵਧਣ ਤੇ ਕੋਲੇ ਦੀ ਕਮੀ ਕਾਰਨ ਬਿਜਲੀ ਕਟੌਤੀ ਵਧ ਗਈ ਹੈ। ਕਈ ਸਾਲਾਂ ਬਾਅਦ ਮਹਾਰਾਸ਼ਟਰ ਵਿੱਚ ਬਿਜਲੀ ਕੱਟ ਲਾਜ਼ਮੀ ਕਰਨ ਦੀ ਸਥਿਤੀ ਬਣੀ ਹੋਈ ਹੈ।
ਇੱਕ ਰਿਪੋਰਟ ਮੁਤਾਬਕ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਪਾਵਰ ਪਲਾਂਟਾਂ 'ਚ ਕੋਲੇ ਦਾ ਭੰਡਾਰ ਨੌਂ ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਕੋਰੋਨਾ ਲੌਕਡਾਊਨ ਤੋਂ ਬਾਅਦ ਉਦਯੋਗਿਕ ਗਤੀਵਿਧੀਆਂ ਮੁੜ ਲੀਹ 'ਤੇ ਆਉਣ ਕਾਰਨ ਫੈਕਟਰੀਆਂ ਤੇ ਉਦਯੋਗਾਂ ਵਿੱਚ ਬਿਜਲੀ ਦੀ ਖਪਤ ਵਧੀ ਹੈ।
ਦੱਸ ਦਈਏ ਕਿ ਇਸ ਦੇ ਨਾਲ ਹੀ ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧੇਗੀ। ਮੌਸਮ ਵਿਭਾਗ ਮੁਤਾਬਕ ਉੱਤਰੀ ਤੇ ਮੱਧ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਅਪ੍ਰੈਲ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਵਾਲਾ ਹੈ। ਇਸ ਲਈ ਬਿਜਲੀ ਦੀ ਮੰਗ ਵਧਣੀ ਤੈਅ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਕੱਟ ਸ਼ੁਰੂ ਹੋ ਗਏ ਹਨ।
ਬਿਜਲੀ ਮੰਗ ਦੇ ਮੁਕਾਬਲੇ ਤਿੰਨ ਫੀਸਦੀ ਘੱਟ
ਦੇਸ਼ ਦੇ ਮੁੱਖ ਉਦਯੋਗਿਕ ਗੜ੍ਹ ਮਹਾਰਾਸ਼ਟਰ ਵਿੱਚ ਕਈ ਸਾਲਾਂ ਬਾਅਦ ਇੰਨਾ ਵੱਡਾ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਇੱਥੇ 2500 ਮੈਗਾਵਾਟ ਬਿਜਲੀ ਮੰਗ ਨਾਲੋਂ ਘੱਟ ਹੈ। ਸੂਬੇ ਵਿੱਚ 28000 ਮੈਗਾਵਾਟ ਦੀ ਰਿਕਾਰਡ ਮੰਗ ਹੈ ਜੋ ਪਿਛਲੇ ਸਾਲ ਨਾਲੋਂ 4000 ਮੈਗਾਵਾਟ ਵੱਧ ਹੈ। ਸਰਕਾਰੀ ਅੰਕੜਿਆਂ ਮੁਤਾਬਕ ਝਾਰਖੰਡ, ਬਿਹਾਰ, ਹਰਿਆਣਾ ਤੇ ਉੱਤਰਾਖੰਡ ਵਿੱਚ ਮੰਗ ਨਾਲੋਂ ਤਿੰਨ ਫੀਸਦੀ ਘੱਟ ਬਿਜਲੀ ਉਪਲਬਧ ਹੈ।
ਇਨ੍ਹਾਂ ਸੂਬਿਆਂ 'ਚ ਕੋਲੇ ਦੀ ਕਮੀ
ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਪੰਜਾਬ, ਹਰਿਆਣਾ, ਰਾਜਸਥਾਨ ਤੇ ਤੇਲੰਗਾਨਾ।
ਇੱਕ ਹਫ਼ਤੇ ਵਿੱਚ ਬਿਜਲੀ ਦੀ ਮੰਗ 1.4% ਵਧੀ ਹੈ
ਅੰਕੜਿਆਂ ਮੁਤਾਬਕ ਪਿਛਲੇ ਇੱਕ ਹਫ਼ਤੇ 'ਚ ਮੰਗ 'ਚ 1.4 ਫੀਸਦੀ ਵਾਧੇ ਕਾਰਨ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਹ ਅੰਕੜਾ ਅਕਤੂਬਰ ਵਿੱਚ ਬਿਜਲੀ ਸੰਕਟ ਦੌਰਾਨ ਮੰਗ ਨਾਲੋਂ ਵੱਧ ਹੈ। ਅਕਤੂਬਰ 'ਚ ਕੋਲੇ ਦੇ ਗੰਭੀਰ ਸੰਕਟ ਦੌਰਾਨ ਬਿਜਲੀ ਦੀ ਮੰਗ ਇੱਕ ਫੀਸਦੀ ਵਧੀ ਸੀ। ਹਾਲਾਂਕਿ ਮਾਰਚ 'ਚ ਬਿਜਲੀ ਦੀ ਮੰਗ 'ਚ 0.5 ਫੀਸਦੀ ਦੀ ਕਮੀ ਆਈ ਸੀ।