ਭਾਰਤ ਦੇ ਇਸ ਪਿੰਡ 'ਚ ਕੀਤੀ ਜਾ ਰਹੀ ਕਮਲਾ ਹੈਰਿਸ ਦੀ ਜਿੱਤ ਦੀ ਅਰਦਾਸ, ਵੰਡੀ ਜਾ ਰਹੀ ਮਠਿਆਈ, ਜਾਣੋ ਕੀ ਹੈ ਵਜ੍ਹਾ
ਜਦੋਂ ਕਮਲਾ ਹੈਰਿਸ ਪੰਜ ਸਾਲਾਂ ਦੀ ਸੀ, ਉਹ ਇੱਕ ਵਾਰ ਥੁਲਸੇਂਦਰਪੁਰਮ ਆਈ ਤੇ ਆਪਣੇ ਦਾਦਾ ਜੀ ਨਾਲ ਬਹੁਤ ਸਮਾਂ ਬਿਤਾਇਆ। ਉਹ ਆਖਰੀ ਵਾਰ 2009 ਵਿੱਚ ਆਪਣੀ ਮਾਂ ਦੀਆਂ ਅਸਥੀਆਂ ਨੂੰ ਵਿਸਰਜਨ ਕਰਨ ਲਈ ਚੇਨਈ ਬੀਚ 'ਤੇ ਵਾਪਸ ਆਈ ਸੀ
US Election: ਚੌਕ ਦੇ ਵਿਚਕਾਰ ਕਮਲਾ ਹੈਰਿਸ ਦਾ ਇੱਕ ਵੱਡਾ ਬੈਨਰ, ਚਰਚਾਂ ਵਿੱਚ ਜਿੱਤ ਲਈ ਅਰਦਾਸਾਂ ਤੇ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਨੇ... ਇਹ ਨਜ਼ਾਰਾ ਕਿਸੇ ਅਮਰੀਕੀ ਸ਼ਹਿਰ ਦਾ ਨਹੀਂ, ਭਾਰਤ ਦੇ ਇੱਕ ਪਿੰਡ ਦਾ ਹੈ। ਵਾਸ਼ਿੰਗਟਨ ਡੀਸੀ ਤੋਂ 14,000 ਕਿਲੋਮੀਟਰ ਤੋਂ ਵੱਧ ਦੂਰ ਇੱਕ ਦੱਖਣੀ ਭਾਰਤੀ ਪਿੰਡ ਥੁਲਸੇਂਦਰਪੁਰਮ (thulasendrapuram) ਦੇ ਵਸਨੀਕ ਇਹ ਦੇਖਣ ਲਈ ਉਤਸੁਕ ਹਨ ਕਿ, ਕੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਗਾਮੀ ਰਾਸ਼ਟਰਪਤੀ ਚੋਣ ਜਿੱਤਦੀ ਹੈ ਜਾਂ ਨਹੀਂ। ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਿੰਗ ਹੋਣ ਜਾ ਰਹੀ ਹੈ।
ਥੁਲਸੇਂਦਰਪੁਰਮ ਇੱਕ ਛੋਟਾ ਜਿਹਾ ਪਿੰਡ ਹੈ, ਜੋ ਚੇਨਈ ਤੋਂ ਲਗਭਗ 300 ਕਿਲੋਮੀਟਰ ਦੂਰ ਹੈ। ਕਮਲਾ ਹੈਰਿਸ ਦੇ ਨਾਨਾ ਪੀਵੀ ਗੋਪਾਲਨ ਦਾ ਜਨਮ ਇਸ ਪਿੰਡ ਵਿੱਚ ਹੋਇਆ ਸੀ। ਇੱਥੋਂ ਦੇ ਲੋਕਾਂ ਨੇ ਬੜੇ ਮਾਣ ਨਾਲ ਪਿੰਡ ਦੇ ਵਿਚਕਾਰ ਕਮਲਾ ਹੈਰਿਸ ਦਾ ਵੱਡਾ ਬੈਨਰ ਲਗਾਇਆ ਹੈ। ਗਾਰਡੀਅਨ ਦੀ ਰਿਪੋਰਟ ਅਨੁਸਾਰ ਸਥਾਨਕ ਦੇਵਤਾ ਨੂੰ ਵਿਸ਼ੇਸ਼ ਪ੍ਰਾਰਥਨਾਵਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਉਸਦੀ ਸਫਲਤਾ ਲਈ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।
ਗਾਰਡੀਅਨ ਦੇ ਅਨੁਸਾਰ, ਇੱਕ ਸਥਾਨਕ ਰਾਜਨੇਤਾ ਐਮ ਮੁਰੂਕਨੰਦਨ ਨੇ ਕਿਹਾ, "ਚਾਹੇ ਉਹ ਜਿੱਤੇ ਜਾਂ ਨਾ, ਇਹ ਸਾਡੇ ਲਈ ਅਸਲ ਵਿੱਚ ਮਾਇਨੇ ਨਹੀਂ ਰੱਖਦਾ... ਸਾਡੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਚੋਣ ਲੜ ਰਹੀ ਹੈ, ਇਹ ਇਤਿਹਾਸਕ ਹੈ ਅਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ."
ਕਮਲਾ ਹੈਰਿਸ ਨੇ ਅਕਸਰ ਆਪਣੀ ਮਾਂ ਦੀਆਂ ਭਾਰਤੀ ਜੜ੍ਹਾਂ ਬਾਰੇ ਗੱਲ ਕੀਤੀ ਹੈ। ਛਾਤੀ ਦੇ ਕੈਂਸਰ ਦੀ ਖੋਜਕਰਤਾ ਸ਼ਿਆਮਲਾ ਗੋਪਾਲਨ ਦਾ ਜਨਮ ਅਤੇ ਪਾਲਣ ਪੋਸ਼ਣ ਚੇਨਈ (ਉਦੋਂ ਮਦਰਾਸ ਵਜੋਂ ਜਾਣਿਆ ਜਾਂਦਾ ਸੀ) ਵਿੱਚ ਹੋਇਆ ਸੀ। ਉਸਨੇ 19 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਖੋਜ ਕਾਰਜ ਕਰਨ ਲਈ ਇੱਕ ਸਕਾਲਰਸ਼ਿਪ 'ਤੇ ਭਾਰਤ ਛੱਡ ਦਿੱਤਾ, ਜਿੱਥੇ ਕਮਲਾ ਤੇ ਉਸਦੀ ਛੋਟੀ ਭੈਣ ਮਾਇਆ ਦਾ ਜਨਮ ਹੋਇਆ।
ਇੱਕ ਹੋਰ ਪਿੰਡ ਵਾਸੀ ਨੇ ਕਿਹਾ ਕਿ "ਕਮਲਾ ਹੈਰਿਸ ਨੇ ਔਰਤਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ ਹੈ - ਇੱਥੋਂ ਦੀਆਂ ਸਾਰੀਆਂ ਔਰਤਾਂ ਨੂੰ ਉਸ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ।" ਜਦੋਂ ਕਮਲਾ ਹੈਰਿਸ ਪੰਜ ਸਾਲਾਂ ਦੀ ਸੀ, ਉਹ ਇੱਕ ਵਾਰ ਥੁਲਸੇਂਦਰਪੁਰਮ ਆਈ ਤੇ ਆਪਣੇ ਦਾਦਾ ਜੀ ਨਾਲ ਬਹੁਤ ਸਮਾਂ ਬਿਤਾਇਆ। ਉਹ ਆਖਰੀ ਵਾਰ 2009 ਵਿੱਚ ਆਪਣੀ ਮਾਂ ਦੀਆਂ ਅਸਥੀਆਂ ਨੂੰ ਵਿਸਰਜਨ ਕਰਨ ਲਈ ਚੇਨਈ ਬੀਚ 'ਤੇ ਵਾਪਸ ਆਈ ਸੀ ਪਰ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਵਾਪਸ ਨਹੀਂ ਪਰਤੀ ਪਰ ਪਿੰਡ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਲਗਾਏ ਪੋਸਟਰਾਂ ਰਾਹੀਂ ਉਨ੍ਹਾਂ ਦੀ ਮੌਜੂਦਗੀ ਦਰਜ ਕੀਤੀ ਜਾ ਰਹੀ ਹੈ। ਸਕਾਈ ਨਿਊਜ਼ ਦੇ ਅਨੁਸਾਰ, ਇੱਕ ਮੰਦਰ ਦੇ ਨੇੜੇ ਪ੍ਰਮੁੱਖ ਤੌਰ 'ਤੇ ਲਗਾਏ ਗਏ ਇੱਕ ਵੱਡੇ ਬੈਨਰ ਵਿੱਚ ਵੀ ਉਸਨੂੰ "ਪਿੰਡ ਦੀ ਮਹਾਨ ਧੀ" ਦੱਸਿਆ ਗਿਆ ਹੈ।
ਥੁਲਸੇਂਦਰਪੁਰਮ ਵਿੱਚ ਕਮਲਾ ਹੈਰਿਸ ਦੇ ਪਰਿਵਾਰ ਦਾ ਕੋਈ ਰਿਸ਼ਤੇਦਾਰ ਨਹੀਂ ਬਚਿਆ ਹੈ। ਇੱਥੇ ਉਸਦਾ ਇੱਕ ਹੀ ਜੱਦੀ ਘਰ ਹੈ। ਉਹ ਵੀ ਜ਼ਮੀਨ ਦਾ ਖਾਲੀ ਪਲਾਟ ਹੈ। ਹਾਲਾਂਕਿ, ਕਮਲਾ ਹੈਰਿਸ ਦੇ ਪਰਿਵਾਰ ਦਾ ਨਾਮ ਪਿੰਡ ਦੇ 300 ਸਾਲ ਪੁਰਾਣੇ ਮੁੱਖ ਮੰਦਰ ਵਿੱਚ ਇੱਕ ਪੱਥਰ ਦੀ ਤਖ਼ਤੀ 'ਤੇ ਉੱਕਰਿਆ ਹੋਇਆ ਹੈ।