ਮੋਦੀ ਨੇ ਸੰਸਦ 'ਚ ਕਿਸਾਨਾਂ ਬਾਰੇ ਕਹੀਆਂ ਵੱਡੀਆਂ ਗੱਲਾਂ
ਸੰਸਦ (Parliament) ਦਾ ਬਜਟ ਸੈਸ਼ਨ (Budget Session) ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਉੱਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਹਨ।
ਨਵੀਂ ਦਿੱਲੀ: ਸੰਸਦ (Parliament) ਦਾ ਬਜਟ ਸੈਸ਼ਨ (Budget Session) ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਉੱਤੇ ਹੋਈ ਬਹਿਸ ਦਾ ਜਵਾਬ ਦੇ ਰਹੇ ਹਨ। ਇਸ ਦੌਰਾਨ ਪੀਐਮ (PM) ਮੋਦੀ ਨੇ ਸੰਸਦ ਵਿੱਚ ਕੋਰੋਨਾਵਾਇਰਸ, ਖੇਤੀ ਖੇਤਰ, ਭਾਰਤ ’ਚ ਨਿਵੇਸ਼, ਪ੍ਰਧਾਨ ਮੰਤਰੀ ਸੰਮਾਨ ਨਿਧੀ ਯੋਜਨਾ, ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਭਾਰਤ ਲਈ ਦੁਨੀਆਂ ਨੇ ਬਹੁਤ ਖ਼ਦਸ਼ੇ ਪ੍ਰਗਟਾਏ ਸਨ। ਵਿਸ਼ਵ ਬਹੁਤ ਚਿੰਤਤ ਸੀ ਕਿ ਜੇ ਕੋਰੋਨਾ ਦੀ ਇਸ ਮਹਾਮਾਰੀ ’ਚ ਭਾਰਤ ਆਪਣੇ ਆਪ ਨੂੰ ਸੰਭਾਲ ਨਾ ਸਕਿਆ, ਤਾਂ ਨਾ ਸਿਰਫ਼ ਭਾਰਤ, ਸਗੋਂ ਪੂਰੀ ਮਨੁੱਖ ਜਾਤੀ ਲਈ ਵੱਡਾ ਸੰਕਟ ਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸੱਚਮੁਚ ਮੌਕਿਆਂ ਦੀ ਧਰਤੀ ਹੈ। ਅਨੇਕ ਮੌਕੇ ਸਾਡੀ ਉਡੀਕ ਕਰ ਰਹੇ ਹਨ। ਸਾਡੇ ਦੇਸ਼ ਦੇ ਨੌਜਵਾਨ ਇਨ੍ਹਾਂ ਮੌਕਿਆਂ ਦਾ ਪੂਰਾ ਲਾਹਾ ਲੈਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ 1971 ’ਚ ਇੱਕ ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਗਿਣਤੀ 51 ਫ਼ੀਸਦੀ ਸੀ, ਜੋ ਹੁਣ ਵਧ ਕੇ 68 ਫ਼ੀ ਸਦੀ ਹੋ ਗਈ ਹੈ। ਅੱਜ ਦੇਸ਼ ਦੇ 86 ਫ਼ੀ ਸਦੀ ਕਿਸਾਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਅਜਿਹੇ 12 ਕਰੋੜ ਕਿਸਾਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਸਦਾ ਕਿਸਾਨਾਂ ਦੀ ਮਰਦਮਸ਼ੁਮਾਰੀ ਕਰਵਾਉਣ ਦਾ ਜ਼ਿਕਰ ਕਰਦੇ ਸਨ; ਜਿਸ ਤੋਂ ਇਹੋ ਗੱਲ ਸਾਹਮਣੇ ਆਈ ਸੀ ਕਿ ਦੇਸ਼ ਵਿੱਚ 33 ਫ਼ੀਸਦੀ ਕਿਸਾਨਾਂ ਕੋਲ 2 ਵਿੱਘੇ ਤੋਂ ਘੱਟ ਜ਼ਮੀਨ ਹੈ ਤੇ 18 ਫ਼ੀ ਸਦੀ ਕੋਲ 2 ਤੋਂ 4 ਵਿੱਘੇ ਜ਼ਮੀਨ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਉੱਤੇ ਸਿਆਸਤ ਹੋ ਰਹੀ ਹੈ ਪਰ ਸੰਸਦ ਵਿੱਚ ਕਿਸੇ ਨੇ ਵੀ ਕਿਸਾਨਾਂ ਦੇ ਅਸਲ ਮੁੱਦੇ ਨੂੰ ਨਹੀਂ ਛੋਹਿਆ। ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਕਿਸੇ ਵੀ ਤਰ੍ਹਾਂ ਕੋਈ ਪੱਛਮੀ ਸੰਸਥਾਨ ਨਹੀਂ ਹੈ। ਭਾਰਤ ਦਾ ਰਾਸ਼ਟਰਵਾਦ ਨਾ ਤਾਂ ਸੰਕੀਰਣ ਹੈ, ਨਾ ਸੁਆਰਥੀ ਹੈ ਤੇ ਨਾ ਹਮਲਾਵਰ ਹੈ; ਸਗੋਂ ਇਹ ਸੱਤਿਅਮ, ਸ਼ਿਵਮ, ਸੁੰਦਰਮ ਜਿਹੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੈ।
ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅਸੀਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਭਾਵਨਾ ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਭੁਲਾ ਦਿੱਤਾ ਹੈ। ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸਿਖਾਇਆ ਨਹੀਂ ਕਿ ਇਹ ਦੇਸ਼ ਲੋਕਤੰਤਰ ਦੀ ਜਣਨੀ ਹੈ।