ਪੁਲਵਾਮਾ ਹਮਲੇ ਦੇ ਸਾਜ਼ਿਸ਼ ਘਾੜੇ ਨੂੰ ਮਾਰ ਮੁਕਾਉਣ ਦਾ ਦਾਅਵਾ, ਮੁਕਾਬਲੇ 'ਚ ਮੁਹੰਮਦ ਇਸਮਾਇਲ ਅਲਵੀ ਢੇਰ
ਪੁਲਵਾਮਾ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅੱਤਵਾਦੀ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ। ਕਸ਼ਮੀਰ ਦੇ ਪੁਲਵਾਮਾ ਖੇਤਰ ’ਚ 14 ਫ਼ਰਵਰੀ, 2019 ਨੂੰ ਅੱਤਵਾਦੀਆਂ ਨੇ ਵੱਡੀ ਕਾਰਵਾਈ ਕਰ ਕੇ ਸੀਆਰਪੀਐੱਫ਼ ਦੇ 40 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਨਵੀਂ ਦਿੱਲੀ: ਪੁਲਵਾਮਾ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅੱਤਵਾਦੀ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ। ਕਸ਼ਮੀਰ ਦੇ ਪੁਲਵਾਮਾ ਖੇਤਰ ’ਚ 14 ਫ਼ਰਵਰੀ, 2019 ਨੂੰ ਅੱਤਵਾਦੀਆਂ ਨੇ ਵੱਡੀ ਕਾਰਵਾਈ ਕਰ ਕੇ ਸੀਆਰਪੀਐੱਫ਼ ਦੇ 40 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਇੱਕ ਅੱਤਵਾਦੀ ਟਿਕਾਣੇ ’ਤੇ ਏਅਰ ਸਟ੍ਰਾਈਕ ਵੀ ਕੀਤੇ ਸਨ।
ਜੰਮੂ-ਕਸ਼ਮੀਰ ਪੁਲਿਸ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਮੁਹੰਮਦ ਇਸਮਾਇਲ ਅਲਵੀ ਉਰਫ਼ ਲੰਬੂ ਨਾਂ ਦਾ ਅੱਤਵਾਦੀ ਕੱਲ੍ਹ ਰਾਜਧਾਨੀ ਸ੍ਰੀਨਗਰ ਦੇ ਦੱਖਣ ਵੱਲ ਪੁਲਵਾਮਾ ਜ਼ਿਲ੍ਹੇ ਵਿੱਚ ਅਵਾਂਤੀਪੁਰਾ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਉਹ ਪਾਕਿਸਤਾਨ ਤੋਂ ਚਲਾਈ ਜਾ ਰਹੀ ਅੱਤਵਾਦੀ ਜਥੇਬੰਦੀ ‘ਜੈਸ਼-ਏ-ਮੁਹੰਮਦ’ ਦਾ ਕਮਾਂਡਰ ਸੀ ਤੇ ਇਸੇ ਜਥੇਬੰਦੀ ਦੇ ਮੁਖੀ ਮਸੂਦ ਅਜ਼ਹਰ ਦਾ ਭਤੀਜਾ ਸੀ। ਇਸ ਦੀ ਪੁਸ਼ਟੀ ਕਸ਼ਮੀਰ ਦੇ ਪੁਲਿਸ ਮੁਖੀ ਵਿਜੇ ਕੁਮਾਰ ਨੇ ਕੀਤੀ ਹੈ।
ਦੱਸ ਦੇਈਏ ਕਿ ਸਾਲ 2019 ’ਚ 14 ਫ਼ਰਵਰੀ ਨੂੰ ਆਤਮਘਾਤੀ ਬੰਬਾਰ ਨੇ ਨੀਮ ਫ਼ੌਜੀ ਬਲਾਂ ਦੀ ਇੱਕ ਬੱਸ ਵਿੱਚ ਆਪਣੀ ਉਹ ਕਾਰ ਮਾਰ ਦਿੱਤੀ ਸੀ, ਜਿਸ ਵਿੱਚ 300 ਕਿਲੋਗ੍ਰਾਮ ਆਰਡੀਐਕਸ ਸੀ। ਤਦ ਉਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜੱਥੇਬੰਦੀ ‘ਜੈਸ਼-ਏ-ਮੁਹੰਮਦ’ ਨੇ ਹੀ ਲਈ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸ਼ ਘਾੜਾ ਮੁਹੰਮਦ ਇਸਮਾਇਲ ਅਲਵੀ ਉਰਫ਼ ਅਦਨਾਨ ਉਰਫ਼ ਲੰਬੂ ਦੇਸੀ ਬੰਬ ਬਣਾਉਣ ’ਚ ਮਾਹਿਰ ਸੀ। ਉਹ ਆਪਣੇ ਦਹਿਸ਼ਤਗਰਦ ਹਲਕਿਆਂ ’ਚ ਅਬੂ ਸੈਫ਼ੁੱਲ੍ਹਾ ਅਤੇ ਫ਼ੌਜੀ ਭਾਈ ਜਿਹੇ ਹੋਰ ਵੀ ਕਈ ਨਾਂਵਾਂ ਨਾਲ ਚਰਚਿਤ ਸੀ। ਉਹ ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਦੀ ਕੌਸਰ ਕਾਲੋਨੀ ’ਚ ਰਹਿੰਦਾ ਰਿਹਾ ਹੈ।
ਮੁਹੰਮਦ ਇਸਮਾਇਲ ਅਲਵੀ ਮਾਰਿਆ ਤਾਂ ਮਾਰਚ 2020 ’ਚ ਹੀ ਜਾਣਾ ਸੀ, ਜਦੋਂ ਕਸ਼ਮੀਰ ਦੇ ਬੜਗਾਮ ’ਚ ਜ਼ਿਨਪੁਰਾ (ਦੋਨੀਵਾੜੀ) ਚਡੂਰਾ ’ਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਇੱਕ ਭਾਰੀ ਮੁਕਾਬਲਾ ਹੋਇਆ ਸੀ ਪਰ ਤਦ ਉਹ ਉੱਥੋਂ ਬਚ ਨਿੱਕਲਣ ’ਚ ਕਾਮਯਾਬ ਹੋ ਗਿਆ ਸੀ।
ਇਸ ਤੋਂ ਇਲਾਵਾ ਉਹ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੀ ਤਰਫ਼ੋਂ ਵੀ ਲੜਦਾ ਰਿਹਾ ਹੈ। ਇਸ ਤੋਂ ਇਲਾਵਾ ਉਹ ਕਸ਼ਮੀਰੀ ਨੌਜਵਾਨਾਂ ਨੂੰ ਭਾਰਤੀ ਸੁਰੱਖਿਆ ਬਲਾਂ ਉੱਤੇ ਪਥਰਾਅ ਕਰਨ ਲਈ ਵੀ ਭੜਕਾਉਂਦਾ ਰਿਹਾ ਹੈ। ਉਸ ਨੇ ਕਸ਼ਮੀਰ ਵਾਦੀ ’ਚ ਕਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।