ਇਸ ਜ਼ਿਲ੍ਹੇ 'ਚ ਮੀਂਹ ਨੇ ਤੋੜਿਆ 35 ਸਾਲਾ ਰਿਕਾਰਡ, ਘਰਾਂ 'ਚ ਵੜ੍ਹਿਆ ਪਾਣੀ, ਰਾਜ 'ਚ 403 ਸੜਕਾਂ ਬੰਦ
HP 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਮੀਂਹ ਨੇ ਆਮ ਜੀਵਨ ਨੂੰ ਠੱਪ ਕਰਕੇ ਰੱਖ ਦਿੱਤਾ ਹੈ। ਰਾਜ ਦੇ ਕਈ ਹਿੱਸਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਜਿਸ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਵਲੋਂ ਜਾਰੀ ਯੈੱਲੋ ਅਲਰਟ..

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਮੀਂਹ ਨੇ ਆਮ ਜੀਵਨ ਨੂੰ ਠੱਪ ਕਰਕੇ ਰੱਖ ਦਿੱਤਾ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਜਿਸ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਵਲੋਂ ਜਾਰੀ ਯੈੱਲੋ ਅਲਰਟ ਦੇ ਵਿਚਕਾਰ, ਸ਼ਨੀਵਾਰ ਨੂੰ ਊਨਾ 'ਚ ਰਿਕਾਰਡ ਤੋੜ ਮੀਂਹ ਪਈ, ਜਿੱਥੇ ਸਿਰਫ਼ ਛੇ ਘੰਟਿਆਂ ਵਿੱਚ 220 ਮਿਲੀਮੀਟਰ ਅਤੇ 24 ਘੰਟਿਆਂ ਵਿੱਚ ਕੁੱਲ 251 ਮਿਲੀਮੀਟਰ ਮੀਂਹ ਦਰਜ ਕੀਤੀ ਗਈ। ਇਹ 1988 ਤੋਂ ਬਾਅਦ ਦੀ ਸਭ ਤੋਂ ਵੱਧ ਮੀਂਹ ਹੈ, ਜਦੋਂ ਇੱਕ ਦਿਨ 'ਚ 198 ਮਿਲੀਮੀਟਰ ਮੀਂਹ ਹੋਈ ਸੀ।
ਭਾਰੀ ਮੀਂਹ ਕਾਰਨ, ਊਨਾ ਸ਼ਹਿਰ ਦੇ ਤਿੰਨ ਕਿਲੋਮੀਟਰ ਖੇਤਰ ਵਿਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਨਾਲ ਚੰਡੀਗੜ੍ਹ-ਧਰਮਸ਼ਾਲਾ ਨੈਸ਼ਨਲ ਹਾਈਵੇ ਵੀ ਪ੍ਰਭਾਵਿਤ ਹੋਇਆ ਹੈ। ਰੱਕੜ, ਫੈਂਡ੍ਰਜ਼ ਅਤੇ ਡੀ.ਆਈ.ਸੀ. ਕਾਲੋਨੀ ਵਰਗੇ ਇਲਾਕਿਆਂ ਵਿੱਚ 36 ਤੋਂ ਵੱਧ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਤੇ ਮਲਬਾ ਵੜ੍ਹ ਗਿਆ ਹੈ। ਇਸ ਤੋਂ ਇਲਾਵਾ, ਪਟੜੀ 'ਤੇ ਪਾਣੀ ਭਰਨ ਅਤੇ ਭੂਸਖਲਨ ਕਾਰਨ ਟ੍ਰੇਨ ਸੇਵਾਵਾਂ ਵੀ ਠੱਪ ਹੋ ਗਈ ਹੈ, ਜਿਸ ਕਾਰਨ ਟ੍ਰੇਨਾਂ ਨੰਗਲ ਤੋਂ ਹੀ ਵਾਪਸ ਮੁੜ ਗਈਆਂ।
403 ਸੜਕਾਂ ਬੰਦ ਹੋ ਚੁੱਕੀਆਂ
ਪੂਰੇ ਰਾਜ ਵਿੱਚ 403 ਸੜਕਾਂ ਬੰਦ ਹੋ ਚੁੱਕੀਆਂ ਹਨ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਚੰਡੀਗੜ੍ਹ-ਮਨਾਲੀ ਨੇਸ਼ਨਲ ਹਾਈਵੇ 'ਤੇ ਪੰਡੋਹ ਦੇ ਕੈਂਚੀ ਮੋੜ ਵਿਖੇ ਭੂਸਖਲਨ ਕਾਰਨ ਪੰਜ ਘੰਟੇ ਤੱਕ ਟ੍ਰੈਫਿਕ ਠੱਪ ਰਿਹਾ। ਕਾਂਗੜਾ ਅਤੇ ਕੁੱਲੂ ਵਿੱਚ ਹਵਾਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਊਨਾ ਵਿੱਚ ਮੀਂਹ ਨੇ ਕਈ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਰੋਟਰੀ ਬਚਤ ਭਵਨ ਅਤੇ ਪੁਰਾਣੇ ਉਪਾਯੁਕਤ ਦਫਤਰ ਵਿੱਚ ਪਾਣੀ ਵੜ੍ਹ ਗਿਆ ਹੈ, ਜਦਕਿ ਪੰਡੋਗਾ ਪੁਲ ਧੱਸ ਗਿਆ ਹੈ। ਹੋਲੀ ਖੱਡ ਅਤੇ ਪੇਖੂਬੇਲਾ ਖੱਡ ਉੱਤੇ ਬਣੇ ਪੁਲਾਂ ਦੇ ਉੱਪਰੋਂ ਪਾਣੀ ਵਗ ਰਿਹਾ ਹੈ, ਜਿਸ ਨਾਲ ਸੰਤੋਸ਼ਗੜ੍ਹ-ਊਨਾ ਮਾਰਗ 'ਤੇ ਆਵਾਜਾਈ ਠੱਪ ਹੋ ਗਈ ਹੈ।
ਕੁੱਲੂ ਜ਼ਿਲ੍ਹੇ ਦੇ ਬੰਜਾਰ ਖੇਤਰ ਵਿੱਚ ਵੀ ਸਥਿਤੀ ਗੰਭੀਰ ਬਣੀ ਹੋਈ ਹੈ। ਬਠਾਹੜ-ਸਰੂਟ-ਬਸ਼ਲੇਉ ਮਾਰਗ 'ਤੇ ਦਰਾਰਾਂ ਪੈਣ ਕਾਰਨ ਛੇ ਘਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਦੇ ਚਲਦੇ 37 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਗਾਏ ਟੈਂਟਾਂ ਵਿੱਚ ਸ਼ਿਫਟ ਕੀਤਾ ਗਿਆ ਹੈ। ਘਲਿਆੜ ਪਿੰਡ ਵਿੱਚ ਵੀ 10 ਮਕਾਨ ਖਾਲੀ ਕਰਵਾਏ ਗਏ ਹਨ।
ਪਿੰਡਾ ਨਾਲ ਟੁੱਟਿਆ ਸੰਪਰਕ
ਲਾਹੌਲ-ਸਪੀਤੀ ਦੀ ਮਯਾੜ ਘਾਟੀ ਵਿੱਚ ਗੁਰਧਾਰ ਨਾਲੇ ਉੱਤੇ ਬਣਿਆ ਸਟੀਲ ਪੁਲ ਨੁਕਸਾਨਗ੍ਰਸਤ ਹੋ ਗਿਆ ਹੈ, ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਸੂਬੇ ਭਰ ਵਿੱਚ 411 ਟ੍ਰਾਂਸਫਾਰਮਰ ਅਤੇ 196 ਪੀਣਯੋਗ ਪਾਣੀ ਯੋਜਨਾਵਾਂ ਠੱਪ ਹੋ ਗਈਆਂ ਹਨ।
ਬਿਆਸ ਦਰਿਆ ਵਿੱਚ ਲਗਾਤਾਰ ਵਧ ਰਹੇ ਜਲ ਪੱਧਰ ਕਾਰਨ ਪੌਂਗ ਡੈਮ ਦਾ ਪਾਣੀ ਵੀ ਵੱਧ ਗਿਆ ਹੈ, ਜਿਸ ਕਰਕੇ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਕਾਂਗੜਾ ਜ਼ਿਲ੍ਹੇ ਵਿੱਚ ਦੋ ਮਕਾਨ ਪੂਰੀ ਤਰ੍ਹਾਂ ਢਹਿ ਗਏ ਹਨ, ਜਦਕਿ 17 ਘਰਾਂ ਅਤੇ 24 ਗੌਸ਼ਾਲਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕੰਮਾਂ 'ਚ ਲੱਗੀਆਂ ਹੋਈਆਂ ਹਨ।






















