Republic Day: ਗਣਤੰਤਰ ਦਿਵਸ ’ਤੇ ਮੁੱਖ ਮਹਿਮਾਨ ਦੀ ਪਰੰਪਰਾ ਕਦੋਂ ਤੇ ਕਿਉਂ ਸ਼ੁਰੂ ਹੋਈ, ਪਹਿਲੇ ਵਿਦੇਸ਼ੀ ਮਹਿਮਾਨ ਕੌਣ ਸਨ? ਇਸ ਵਾਰ ਕੌਣ ਆਉਣਗੇ ਇੱਥੇ ਜਾਣੋ
ਗਣਤੰਤਰ ਦਿਵਸ ਪਰੇਡ ਉੱਤੇ ਕਿਸੇ ਨਾ ਕਿਸੇ ਖ਼ਾਸ ਵਿਦੇਸ਼ੀ ਮਹਿਮਾਨ ਨੂੰ ਸੱਦਿਆ ਜਾਂਦਾ ਹੈ। ਇਹ ਹਾਜ਼ਰੀ ਪੂਰੀ ਦੁਨੀਆ ਦਾ ਧਿਆਨ ਖਿੱਚਦੀ ਹੈ। ਅਜਿਹਾ ਅਕਸਰ ਸਵਾਲ ਉੱਠਦਾ ਹੈ ਕਿ ਕੋਈ ਵਿਦੇਸ਼ੀ ਨੇਤਾ ਭਾਰਤ ਦੀ ਪਰੇਡ ਦਾ ਹਿੱਸਾ ਕਿਉਂ ਬਣਦਾ ਹੈ..

ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਦੇਸ਼ ਚ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਹਰ ਸਾਲ 26 ਜਨਵਰੀ ਯਾਨੀਕਿ ਗਣਤੰਤਰ ਦਿਵਸ ਪਰੇਡ ਉੱਤੇ ਕਿਸੇ ਨਾ ਕਿਸੇ ਖ਼ਾਸ ਵਿਦੇਸ਼ੀ ਮਹਿਮਾਨ ਨੂੰ ਸੱਦਿਆ ਜਾਂਦਾ ਹੈ। ਇਹ ਹਾਜ਼ਰੀ ਪੂਰੀ ਦੁਨੀਆ ਦਾ ਧਿਆਨ ਖਿੱਚਦੀ ਹੈ। ਅਜਿਹਾ ਅਕਸਰ ਸਵਾਲ ਉੱਠਦਾ ਹੈ ਕਿ ਕੋਈ ਵਿਦੇਸ਼ੀ ਨੇਤਾ ਭਾਰਤ ਦੀ ਪਰੇਡ ਦਾ ਹਿੱਸਾ ਕਿਉਂ ਬਣਦਾ ਹੈ ਅਤੇ ਭਾਰਤ ਉਸਨੂੰ ਇਹ ਸਨਮਾਨ ਕਿਉਂ ਦਿੰਦਾ ਹੈ? ਦਰਅਸਲ, ਗਣਤੰਤਰ ਦਿਵਸ ਦਾ ਚੀਫ਼ ਗੈਸਟ ਸਿਰਫ਼ ਇੱਕ ਰਸਮੀ ਮਹਿਮਾਨ ਨਹੀਂ ਹੁੰਦਾ, ਬਲਕਿ ਇਹ ਭਾਰਤ ਦੀ ਵਿਦੇਸ਼ ਨੀਤੀ, ਰਣਨੀਤੀ ਅਤੇ ਭਵਿੱਖ ਦੇ ਅੰਤਰਰਾਸ਼ਟਰੀ ਰਿਸ਼ਤਿਆਂ ਦਾ ਸੰਕੇਤ ਵੀ ਹੁੰਦਾ ਹੈ। ਇਸ ਪਰੰਪਰਾ ਦੀਆਂ ਜੜ੍ਹਾਂ ਆਜ਼ਾਦੀ ਦੇ ਸ਼ੁਰੂਆਤੀ ਦੌਰ ਤੱਕ ਜਾਂਦੀਆਂ ਹਨ। ਆਓ, ਇਸ ਬਾਰੇ ਜਾਣਦੇ ਹਾਂ...
ਗਣਤੰਤਰ ਦਿਵਸ ਅਤੇ ਚੀਫ਼ ਗੈਸਟ ਦੀ ਪਰੰਪਰਾ
ਭਾਰਤ ਵਿੱਚ ਗਣਤੰਤਰ ਦਿਵਸ ਮਨਾਉਣ ਦੀ ਸ਼ੁਰੂਆਤ 26 ਜਨਵਰੀ 1950 ਨੂੰ ਹੋਈ, ਜਦੋਂ ਦੇਸ਼ ਵਿੱਚ ਸੰਵਿਧਾਨ ਲਾਗੂ ਹੋਇਆ। ਉਸੇ ਸਾਲ ਤੋਂ ਇੱਕ ਵਿਸ਼ੇਸ਼ ਪਰੰਪਰਾ ਦੀ ਸ਼ੁਰੂਆਤ ਵੀ ਹੋਈ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ ਕਿਸੇ ਵਿਦੇਸ਼ੀ ਮਹਿਮਾਨ ਨੂੰ ਮੁੱਖ ਅਤਿਥੀ ਵਜੋਂ ਸੱਦਾ ਦਿੱਤਾ ਜਾਵੇ। ਇਸ ਦਾ ਮਕਸਦ ਇਹ ਸੀ ਕਿ ਭਾਰਤ ਆਪਣੇ ਲੋਕਤਾਂਤਰਿਕ ਮੁੱਲਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਸਹਿਯੋਗ ਦਾ ਸੰਦੇਸ਼ ਵੀ ਦੁਨੀਆ ਤੱਕ ਪਹੁੰਚਾ ਸਕੇ।
ਪਹਿਲਾ ਵਿਦੇਸ਼ੀ ਚੀਫ਼ ਗੈਸਟ ਕੌਣ ਸਨ?
ਭਾਰਤ ਦੇ ਪਹਿਲੇ ਗਣਤੰਤਰ ਦਿਵਸ ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਾਰਨੋ ਨੂੰ ਮੁੱਖ ਅਤਿਥੀ ਵਜੋਂ ਸੱਦਾ ਦਿੱਤਾ ਗਿਆ ਸੀ। ਉਸ ਸਮੇਂ ਪਰੇਡ ਦਿੱਲੀ ਦੇ ਇਰਵਿਨ ਸਟੇਡੀਅਮ ਵਿੱਚ ਹੋਈ ਸੀ, ਜਿਸਨੂੰ ਅੱਜ ਦਾਦਾ ਧਿਆਨਚੰਦ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੱਦਾ ਏਸ਼ੀਆ ਦੇ ਨਵ-ਸਵਤੰਤਰ ਦੇਸ਼ਾਂ ਵਿੱਚ ਦੋਸਤੀ ਅਤੇ ਏਕਤਾ ਦਾ ਪ੍ਰਤੀਕ ਮੰਨਿਆ ਗਿਆ।
ਕਿਹੜੇ ਸਾਲ ਕੋਈ ਚੀਫ਼ ਗੈਸਟ ਨਹੀਂ ਆਇਆ?
1952 ਅਤੇ 1953 ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਕੋਈ ਵਿਦੇਸ਼ੀ ਮੁੱਖ ਅਤਿਥੀ ਨਹੀਂ ਸੀ। ਉਸ ਦੌਰਾਨ ਭਾਰਤ ਆਪਣੀਆਂ ਅੰਦਰੂਨੀ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਜੂਝ ਰਿਹਾ ਸੀ। ਇਸ ਤੋਂ ਬਾਅਦ 1955 ਤੋਂ ਪਰੇਡ ਨੂੰ ਰਾਜਪਥ (ਹੁਣ ਕर्तਵ ਪਥ) ‘ਤੇ ਸਥਾਈ ਤੌਰ ‘ਤੇ ਕਰਵਾਇਆ ਜਾਣ ਲੱਗਾ ਅਤੇ ਉਸੇ ਸਾਲ ਪਾਕਿਸਤਾਨ ਦੇ ਤਤਕਾਲੀਨ ਗਵਰਨਰ-ਜਨਰਲ ਮਲਿਕ ਗੁਲਾਮ ਮੁਹੰਮਦ ਨੂੰ ਮੁੱਖ ਅਤਿਥੀ ਬਣਾਇਆ ਗਿਆ।
ਚੀਫ਼ ਗੈਸਟ ਕਿਵੇਂ ਚੁਣਿਆ ਜਾਂਦਾ ਹੈ?
ਗਣਤੰਤਰ ਦਿਵਸ ਦੇ ਚੀਫ਼ ਗੈਸਟ ਦੀ ਚੋਣ ਇੱਕ ਲੰਮੀ ਅਤੇ ਸੋਚ-ਵਿਚਾਰ ਨਾਲ ਕੀਤੀ ਜਾਣ ਵਾਲੀ ਪ੍ਰਕਿਰਿਆ ਹੁੰਦੀ ਹੈ। ਇਸਦੀ ਤਿਆਰੀ ਆਮ ਤੌਰ ‘ਤੇ ਸਮਾਰੋਹ ਤੋਂ ਲਗਭਗ ਛੇ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਹ ਸਾਰੀ ਪ੍ਰਕਿਰਿਆ ਵਿਦੇਸ਼ ਮੰਤਰਾਲੇ ਦੁਆਰਾ ਸੰਭਾਲੀ ਜਾਂਦੀ ਹੈ। ਇਸ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਸੰਬੰਧਤ ਦੇਸ਼ ਜਾਂ ਸੰਸਥਾ ਨਾਲ ਭਾਰਤ ਦੇ ਰਾਜਨੀਤਿਕ, ਆਰਥਿਕ, ਫੌਜੀ ਅਤੇ ਰਣਨੀਤਿਕ ਰਿਸ਼ਤੇ ਕਿਵੇਂ ਹਨ।
ਰਿਸ਼ਤਿਆਂ ਅਤੇ ਰਣਨੀਤੀ ਦਾ ਸੰਕੇਤ
ਸਾਬਕਾ ਕੂਟਨੀਤਿਕਾਂ ਦੇ ਅਨੁਸਾਰ, ਚੀਫ਼ ਗੈਸਟ ਦੀ ਚੋਣ ਸਿਰਫ਼ ਸਨਮਾਨ ਦੇਣ ਲਈ ਨਹੀਂ ਹੁੰਦੀ, ਬਲਕਿ ਇਹ ਇੱਕ ਰਣਨੀਤਿਕ ਸੰਦੇਸ਼ ਵੀ ਹੁੰਦਾ ਹੈ। ਇਸ ਤੋਂ ਇਹ ਦਰਸਾਇਆ ਜਾਂਦਾ ਹੈ ਕਿ ਭਾਰਤ ਕਿਸੇ ਦੇਸ਼ ਜਾਂ ਸਮੂਹ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨਾ ਚਾਹੁੰਦਾ ਹੈ। ਕਈ ਵਾਰ ਇਹ ਰੱਖਿਆ ਸਹਿਯੋਗ, ਵਪਾਰ ਸਮਝੌਤੇ ਜਾਂ ਵਿਸ਼ਵ-ਮੁੱਦਿਆਂ ‘ਤੇ ਸਾਂਝੀਦਾਰੀ ਦਾ ਸੰਕੇਤ ਵੀ ਦਿੰਦਾ ਹੈ।
77ਵੇਂ ਗਣਤੰਤਰ ਦਿਵਸ ‘ਤੇ ਯੂਰਪੀ ਯੂਨੀਅਨ
ਇਸ ਵਾਰ 77ਵੇਂ ਗਣਤੰਤਰ ਦਿਵਸ 'ਤੇ ਯੂਰਪੀ ਸੰਘ ਦੇ ਚੋਟੀ ਦੇ ਨੇਤਾ ਮੁੱਖ ਮਹਿਮਾਨ ਹੋਣਗੇ। ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ 25 ਤੋਂ 27 ਜਨਵਰੀ 2026 ਤੱਕ ਭਾਰਤ ਦੇ ਸਰਕਾਰੀ ਦੌਰੇ 'ਤੇ ਹੋਣਗੇ। ਉਹ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਨਾਲ-ਨਾਲ ਭਾਰਤ-ਈਯੂ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ।






















