(Source: ECI/ABP News/ABP Majha)
8 ਕਰੋੜ ਦੀ ਰਾਇਲਸ ਰਾਇਸ ਦਾ ਮਾਲਕ ਬਿਜਲੀ ਚੋਰੀ ਕਰਦਾ ਫੜਿਆ, 35 ਹਜ਼ਾਰ ਦੀ ਬਿਜਲੀ ਚੋਰੀ ਦਾ ਕੇਸ
ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (MSEDCL) ਦੁਆਰਾ ਪਿਛਲੇ ਹਫਤੇ ਸੰਜੇ ਗਾਇਕਵਾੜ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ।
ਮੁੰਬਈ- ਬਿਜਲੀ ਚੋਰੀ ਦੀ ਸਮੱਸਿਆ ਦੇਸ਼ ਭਰ ਵਿਚ ਆਮ ਹੈ ਤੇ ਅਜਿਹੀ ਸਥਿਤੀ ਵਿੱਚ ਮਹਾਰਾਸ਼ਟਰ ‘ਚ ਬਿਜਲੀ ਚੋਰੀ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਇੱਥੋਂ ਕਲਿਆਣ ਦੇ ਇੱਕ ਸ਼ਿਵ ਸੈਨਾ ਦੇ ਵਰਕਰ ਖ਼ਿਲਾਫ਼ ਤਕਰੀਬਨ 35,000 ਰੁਪਏ ਦੀ ਬਿਜਲੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਸ਼ਿਵ ਸੈਨਾ ਦੇ ਅਹੁਦੇਦਾਰ ਨੂੰ ਜੁਰਮਾਨੇ ਦੇ ਨਾਲ ਨਾਲ ਰਕਮ ਵੀ ਅਦਾ ਕਰਨੀ ਪਏਗੀ।
ਹਾਲ ਹੀ ਵਿੱਚ 8 ਕਰੋੜ ਰੁਪਏ ਦੀ ਇਕ ਕਾਰ ਖਰੀਦੀ ਹੈ
ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (MSEDCL) ਦੁਆਰਾ ਪਿਛਲੇ ਹਫਤੇ ਸੰਜੇ ਗਾਇਕਵਾੜ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਬਿਜਲੀ ਚੋਰੀ ਦੀ ਇਸ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਹਾਲ ਹੀ ਵਿੱਚ ਸੰਜੇ ਗਾਇਕਵਾੜ ਨੇ ਰੋਲਸ ਰਾਇਸ ਨੂੰ 8 ਕਰੋੜ ਵਿੱਚ ਖਰੀਦਿਆ ਸੀ, ਜਿਸ ਬਾਰੇ ਹਰ ਕੋਈ ਹੈਰਾਨ ਹੈ।
ਸੂਤਰਾਂ ਅਨੁਸਾਰ ਮਾਰਚ ਵਿੱਚ ਇੱਕ ਟੀਮ MSEDCL ਦੇ ਵਧੀਕ ਕਾਰਜਕਾਰੀ ਇੰਜੀਨੀਅਰ ਅਸ਼ੋਕ ਬੁੰਡੇ ਦੀ ਅਗਵਾਈ ਵਿੱਚ ਬਣਾਈ ਗਈ ਸੀ। ਇਸ ਟੀਮ ਨੇ ਕਲਿਆਣ (ਈ) ਦੇ ਕੋਲਸੇਵਾੜੀ ਖੇਤਰ ਵਿੱਚ ਗਾਇਕਵਾੜ ਦੀਆਂ ਉਸਾਰੀ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਤੇ ਪਾਇਆ ਕਿ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਇਸ ਤੋਂ ਬਾਅਦ MSEDCL ਨੇ ਤੁਰੰਤ ਗਾਇਕਵਾੜ ਨੂੰ 34,840 ਰੁਪਏ ਦਾ ਬਿੱਲ ਭੇਜਿਆ ਅਤੇ 15,000 ਰੁਪਏ ਜੁਰਮਾਨਾ ਵੀ ਲਗਾਇਆ। ਦੂਜੇ ਪਾਸੇ, ਬੁੰਡੇ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਗਾਇਕਵਾੜ ਨੂੰ ਅਦਾਇਗੀ ਨਾ ਕਰਨ ਲਈ ਮਹਾਤਮਾ ਫੁਲੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ।
MSEDCL ਦੇ ਬੁਲਾਰੇ ਵਿਜੇਸਿੰਘ ਦੁਧਭਾਟੇ ਦਾ ਕਹਿਣਾ ਹੈ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ, ਗਾਇਕਵਾੜ ਨੇ ਸੋਮਵਾਰ ਨੂੰ ਬਿੱਲ ਦੀ ਸਾਰੀ ਰਕਮ ਦੇ ਨਾਲ-ਨਾਲ ਜੁਰਮਾਨਾ ਵੀ ਅਦਾ ਕਰ ਦਿੱਤਾ। ਦੁਧਭਾਟੇ ਨੇ ਕਿਹਾ ਹੈ ਕਿ ਬਿਜਲੀ ਚੋਰੀ ਹੋਣ ਦੀ ਸੂਰਤ ਵਿੱਚ ਵੱਧ ਤੋਂ ਵੱਧ ਤਿੰਨ ਸਾਲ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਦੂਜੇ ਪਾਸੇ, ਗਾਇਕਵਾੜ ਨੇ ਆਪਣਾ ਬਚਾਅ ਕਰਦਿਆਂ ਕਿਹਾ ਹੈ ਕਿ ਰਾਜ ਬਿਜਲੀ ਵੰਡ ਕੰਪਨੀ ਨੇ ਉਸ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਉਹ ਕਹਿੰਦੇ ਹਨ ਕਿ ਜੇ ਉਨ੍ਹਾਂ ਨੇ ਬਿਜਲੀ ਚੋਰੀ ਕਰ ਲਈ ਹੈ ਤਾਂ ਉਨ੍ਹਾਂ ਦੇ ਮੀਟਰ ਸਾਈਟ 'ਤੇ ਕਿਉਂ ਨਹੀਂ ਹਟਾਏ ਗਏ।