ਪ੍ਰਸ਼ਾਂਤ ਕਿਸ਼ੋਰ ਨੇ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨ ਦੀ ਦੱਸੀ ਪਲਾਨਿੰਗ, ਕਾਂਗਰਸ 'ਚ ਸ਼ਾਮਲ ਹੋਏ ਤਾਂ ਬਦਲ ਸਕਦੇ ਸਮੀਕਰਨ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 2024 ਵਿੱਚ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨ ਦੀ ਪਲਾਨਿੰਗ ਕੀਤੀ ਹੈ। ਉਨ੍ਹਾਂ ਨੇ ਇਹ ਪਲਾਨਿੰਗ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਸਮਝਾਈ ਹੈ।
ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 2024 ਵਿੱਚ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨ ਦੀ ਪਲਾਨਿੰਗ ਕੀਤੀ ਹੈ। ਉਨ੍ਹਾਂ ਨੇ ਇਹ ਪਲਾਨਿੰਗ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਸਮਝਾਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਦੇਸ਼ ਅੰਦਰ 365-370 ਸੀਟਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿੱਥੇ ਕਾਂਗਰਸ ਚੰਗੀ ਕਾਰਗੁਜਾਰੀ ਕਰ ਸਕਦੀ ਹੈ। ਹੁਣ ਵੇਖਣਾ ਹੋਏਗਾ ਕਿ ਕਾਂਗਰਸ ਪ੍ਰਸ਼ਾਂਤ ਕਿਸ਼ੋਰ ਦੀ ਪਲਾਨਿੰਗ ਨੂੰ ਲਾਗੂ ਕਰਦੀ ਹੈ ਜਾਂ ਨਹੀਂ।
ਦਰਅਸਲ ਪ੍ਰਸ਼ਾਂਤ ਕਿਸ਼ੋਰ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਲਈ ਵਿਸਥਾਰਤ ਖਾਕਾ ਪੇਸ਼ ਕੀਤਾ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਲਈ 365-370 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਵੱਲ ਤੇ ਇਨ੍ਹਾਂ ਹਲਕਿਆਂ ’ਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਕਿਹਾ ਹੈ। ਪ੍ਰਸ਼ਾਂਤ ਕਿਸ਼ੋਰ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ 365-370 ਸੀਟਾਂ ’ਤੇ ਅਗਲੇ ਦੋ ਸਾਲ ਕੰਮ ਕੀਤਾ ਜਾਵੇ ਤਾਂ ਬੀਜੇਪੀ ਨੂੰ ਸੱਤਾ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ ਤੇ ਉਨ੍ਹਾਂ ਦੇ ਪਾਰਟੀ ’ਚ ਸ਼ਾਮਲ ਹੋਣ ਸਬੰਧੀ ਫ਼ੈਸਲਾ ਇੱਕ ਹਫ਼ਤੇ ਅੰਦਰ ਲਿਆ ਜਾਵੇਗਾ। ਮੀਟਿੰਗ ’ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਕਾਂਗਰਸ ਪ੍ਰਧਾਨ ਦੀ 10, ਜਨਪਥ ਸਥਿਤ ਰਿਹਾਇਸ਼ ’ਤੇ ਤਕਰੀਬਨ ਚਾਰ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਆਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ।
ਸੂਤਰਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਦੇ ਕਾਂਗਰਸ ’ਚ ਸ਼ਾਮਲ ਹੋਣ ਲਈ ਤਿਆਰ ਹਨ ਤੇ ਉਹ ਪਾਰਟੀ ਤੋਂ ਕੁਝ ਵੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੋਜਨਾ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਆਪਣੀ ਯੋਜਨਾ ਲਾਗੂ ਕਰਨ ਦੀ ਹੈ। ਮੀਟਿੰਗ ਤੋਂ ਬਾਅਦ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਸ਼ਾਂਤ ਦੇ ਸੁਝਾਵਾਂ ਨੂੰ ਵਿਚਾਰਨ ਲਈ ਇੱਕ ਗਰੁੱਪ ਕਾਇਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ, ‘ਪ੍ਰਸ਼ਾਂਤ ਕਿਸ਼ੋਰ ਨੇ 2024 ਦੀਆਂ ਆਮ ਚੋਣਾਂ ਲਈ ਰਣਨੀਤੀ ਬਾਰੇ ਲੰਮਾ-ਚੌੜਾ ਖਾਕਾ ਪੇਸ਼ ਕੀਤਾ ਹੈ। ਇਸ ’ਤੇ ਥੋੜ੍ਹੀ ਵਿਚਾਰ-ਚਰਚਾ ਦੀ ਜ਼ਰੂਰਤ ਹੈ ਤੇ ਕਾਂਗਰਸ ਪ੍ਰਧਾਨ ਸਾਰੇ ਖਾਕੇ ’ਤੇ ਚਰਚਾ ਲਈ ਇੱਕ ਛੋਟਾ ਗਰੁੱਪ ਕਾਇਮ ਕਰਨਗੇ। ਇਹ ਗਰੁੱਪ ਇੱਕ ਹਫ਼ਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ ਜਿਸ ਮਗਰੋਂ ਆਖਰੀ ਫ਼ੈਸਲਾ ਲਿਆ ਜਾਵੇਗਾ।’ ਪ੍ਰਸ਼ਾਂਤ ਕਿਸ਼ੋਰ ਦੇ ਪਾਰਟੀ ’ਚ ਸ਼ਾਮਲ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਕ ਹਫ਼ਤੇ ਅੰਦਰ ਇਸ ਸਬੰਧੀ ਵੇਰਵੇ ਸਾਹਮਣੇ ਆ ਜਾਣਗੇ।
ਪ੍ਰਸ਼ਾਂਤ ਨੇ ਕਿਹਾ ਕਿ ਪਾਰਟੀ ਨੇ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੀਆਂ ਹਨ ਤੇ ਉੱਥੇ ਪਾਰਟੀ ਜਾਂ ਤਾਂ ਸਭ ਤੋਂ ਉੱਪਰ ਰਹੀ ਹੈ ਜਾਂ ਦੂਜੇ ਸਥਾਨ ’ਤੇ ਰਹੀ ਹੈ। ਉਨ੍ਹਾਂ ਪਾਰਟੀ ਨੂੰ ਉੱਤਰ ਪ੍ਰਦੇਸ਼, ਬਿਹਾਰ ਤੇ ਉੜੀਸਾ ਵਰਗੇ ਸੂਬਿਆਂ ’ਚ ਆਪਣੀ ਮੁਹਿੰਮ ਸ਼ੁਰੂ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਗੁਜਰਾਤ ਦੇ ਪਾਟੀਦਾਰ ਆਗੂ ਨਰੇਸ਼ ਪਟੇਲ ਨੂੰ ਪਾਰਟੀ ’ਚ ਸ਼ਾਮਲ ਕਰਨ ਬਾਰੇ ਵੀ ਚਰਚਾ ਕੀਤੀ।