ਪਤਨੀ ਦਾ ਆਦਰ ਨਹੀਂ ਕਰਦੇ, ਤਾਂ ਜਾਓ ਜੇਲ੍ਹ, ਸੁਪਰੀਮ ਕੋਰਟ ਦੀ ਸਖਤੀ
ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ਨੂੰ ਔਨਲਾਈਨ ਆਉਣ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਨੂੰ ਇਕੱਠੇ ਰਹਿਣ ਦੇ ਆਦੇਸ਼ ਦਿੱਤੇ ਗਏ।
ਨਵੀਂ ਦਿੱਲੀ: ਜੇ ਤੁਸੀਂ ਆਪਣੀ ਪਤਨੀ ਦਾ ਆਦਰ ਨਹੀਂ ਕਰਦੇ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਸੁਪਰੀਮ ਕੋਰਟ (Supreme Court) ਨੇ ਪਤੀ-ਪਤਨੀ ਦੇ ਝਗੜੇ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪਤੀ ਨੂੰ ਸਖਤ ਝਾੜਝੰਬ ਕੀਤੀ। ਪਤਨੀ ਨੇ ਦੋਸ਼ ਲਾਇਆ ਸੀ ਕਿ ਪਤੀ ਨੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ, ਨਾਲ ਹੀ ਉਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਹ ਉਸ ਦਾ ਸਨਮਾਨ ਨਹੀਂ ਕਰਦਾ। ਤਦ ਚੀਫ ਜਸਟਿਸ ਐਨਵੀ ਰਮੰਨਾ ਤੇ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਵਰਚੁਅਲ ਸੁਣਵਾਈ ਕੀਤੀ। ਅਦਾਲਤ ਨੇ ਪਤੀ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਆਪਣੀ ਪਤਨੀ ਦਾ ਆਦਰ ਨਹੀਂ ਕਰਦਾ ਤਾਂ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਦੋਵਾਂ ਨੂੰ ਦੁਬਾਰਾ ਇਕੱਠੇ ਰਹਿਣ ਲਈ ਕਿਹਾ। ਸੁਣਵਾਈ ਦੌਰਾਨ ਅਦਾਲਤ ਨੇ ਦੋਵਾਂ ਨੂੰ ਔਨਲਾਈਨ ਆਉਣ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਨੂੰ ਇਕੱਠੇ ਰਹਿਣ ਦੇ ਆਦੇਸ਼ ਦਿੱਤੇ ਗਏ। ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਰਹਿਣ ਲਈ ਤਿਆਰ ਹੈ, ਪਰ ਉਹ ਉਸ ਨਾਲ ਆਦਰ ਨਾਲ ਪੇਸ਼ ਨਹੀਂ ਆਉਂਦਾ। ਜਿਸ 'ਤੇ ਅਦਾਲਤ ਨੇ ਪਤੀ ਨੂੰ ਕਿਹਾ ਕਿ ਅਸੀਂ ਤੁਹਾਡਾ ਵਿਵਹਾਰ ਦੇਖਾਂਗੇ। ਜੇ ਤੁਸੀਂ ਕੁਝ ਗਲਤ ਕਰਦੇ ਹੋ, ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਦਾ ਵਿਆਹ ਚਾਰ ਸਾਲ ਪਹਿਲਾਂ ਹੋਇਆ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ, ਦਾਜ ਦੀ ਮੰਗ ਕਰਦੇ ਹੋਏ, ਲੜਕੇ ਦੇ ਪਰਿਵਾਰ ਨੇ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ। ਲੜਕੇ ਦਾ ਵਕੀਲ ਚਾਹੁੰਦਾ ਸੀ ਕਿ ਉਹ ਤਲਾਕ ਦੇ ਦੇਵੇ। ਪਰ ਲੜਕੀ ਨੇ ਇਨਕਾਰ ਕਰ ਦਿੱਤਾ। ਲੜਕੀ ਨੇ ਸੁਪਰੀਮ ਕੋਰਟ ਦੇ ਸਾਹਮਣੇ ਕਿਹਾ ਕਿ ਮੈਂ ਤਲਾਕ ਕਿਉਂ ਦੇਵਾਂ? ਮੈਂ ਆਦਰ ਨਾਲ ਉਸ ਦੇ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਅਜੇ ਵੀ ਉਸ ਨੂੰ ਪਿਆਰ ਵੀ ਕਰਦੀ ਹਾਂ।
'ਫਿਰ ਅਦਾਲਤ ਨੇ ਲੜਕੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਧਰਨ ਦੀ ਚੇਤਾਵਨੀ ਦਿੱਤੀ। ਜਸਟਿਸ ਕਾਂਤ ਨੇ ਪਤੀ ਰਵੀ ਕਿਰਨ ਰਾਕੇਸ਼ ਨੂੰ ਕਿਹਾ ਕਿ ਤੁਸੀਂ ਉਸ (ਪਤਨੀ) ਦੇ ਘਰ ਜਾਓ ਅਤੇ ਉਸ ਨੂੰ ਵਾਪਸ ਲਿਆਉ। ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਨਵੀਂ ਵਿਆਹੁਤਾ ਜ਼ਿੰਦਗੀ ਸ਼ੁਰੂ ਕਰੋ।
ਇਸ ਦੇ ਨਾਲ ਹੀ ਅਦਾਲਤ ਨੇ ਪਤਨੀ ਨੂੰ ਆਪਣੇ ਪਤੀ ਦੇ ਸਹੁਰਿਆਂ ਵਿਰੁੱਧ ਸਾਰੇ ਕੇਸ ਵਾਪਸ ਲੈਣ ਲਈ ਵੀ ਕਿਹਾ ਹੈ। ਅਦਾਲਤ ਨੇ ਕਿਹਾ ਕਿ ਤੁਸੀਂ ਆਪਣੇ ਸਹੁਰੇ ਘਰ ਜਾਓ। ਇਸ ਦੇ ਨਾਲ, ਕੇਸ ਵਾਪਸ ਲੈਣ ਲਈ ਹਲਫ਼ੀਆ ਬਿਆਨ ਦਾਇਰ ਕਰੋ। ਪਰ ਜੇ ਪਤੀ ਗਲਤ ਵਿਵਹਾਰ ਕਰਦਾ ਹੈ, ਤਾਂ ਅਸੀਂ ਉਸ ਨੂੰ ਜੇਲ੍ਹ ਭੇਜ ਦੇਵਾਂਗੇ। ਅਸੀਂ ਮਾਮਲੇ ਨੂੰ ਮੁਲਤਵੀ ਰੱਖ ਰਹੇ ਹਾਂ। ਅਦਾਲਤ ਦੀ ਝਾੜ ਤੋਂ ਬਾਅਦ ਪਤੀ ਨੇ ਕਿਹਾ ਕਿ ਉਹ ਹੁਣ ਆਪਣੀ ਪਤਨੀ ਨਾਲ ਸਹੀ ਵਿਵਹਾਰ ਕਰੇਗਾ।