Congress Leader: ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਨਾਮੀ ਆਗੂ ਸੁਰੇਸ਼ ਕਲਮਾਡੀ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ
ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸੁਰੇਸ਼ ਕਲਮਾਡੀ ਨੇ 82 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦਾ ਦੇਹਾਂਤ ਮਹਾਰਾਸ਼ਟਰ ਦੇ ਪੁਣੇ ਵਿੱਚ ਹੋਇਆ। ਸੁਰੇਸ਼ ਕਲਮਾਡੀ ਦਾ ਮ੍ਰਿਤਕ ਸਰੀਰ ਮੰਗਲਵਾਰ, 6 ਜਨਵਰੀ..

ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸੁਰੇਸ਼ ਕਲਮਾਡੀ ਨੇ 82 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦਾ ਦੇਹਾਂਤ ਮਹਾਰਾਸ਼ਟਰ ਦੇ ਪੁਣੇ ਵਿੱਚ ਹੋਇਆ। ਸੁਰੇਸ਼ ਕਲਮਾਡੀ ਦਾ ਮ੍ਰਿਤਕ ਸਰੀਰ ਮੰਗਲਵਾਰ, 6 ਜਨਵਰੀ ਨੂੰ ਦੁਪਹਿਰ 2.00 ਵਜੇ ਤੱਕ ਘਰ ਵਿੱਚ ਅੰਤਿਮ ਦਰਸ਼ਨ ਲਈ ਰੱਖਿਆ ਜਾਵੇਗਾ। ਅੰਤਿਮ ਸੰਸਕਾਰ ਸ਼ਾਮ ਨੂੰ ਕੀਤਾ ਜਾਵੇਗਾ।
ਲੰਬੀ ਬੀਮਾਰੀ ਨਾਲ ਸਨ ਪੀੜਤ
ਮਹਾਰਾਸ਼ਟਰ ਦੇ ਪੁਣੇ ਤੋਂ ਸਾਬਕਾ ਸੰਸਦ ਮੈਂਬਰ ਅਤੇ ਰੇਲ ਮੰਤਰਾਲੇ ਵਿੱਚ ਸਾਬਕਾ ਰਾਜ ਮੰਤਰੀ ਰਹੇ ਸੁਰੇਸ਼ ਕਲਮਾਡੀ ਨੇ ਮੰਗਲਵਾਰ, 6 ਜਨਵਰੀ ਨੂੰ ਤੜਕੇ ਕਰੀਬ 3:30 ਵਜੇ ਆਖ਼ਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਪਾਰਥਿਵ ਸਰੀਰ ਦੁਪਹਿਰ 2.00 ਵਜੇ ਤੱਕ ਪੁਣੇ ਦੇ ਏਰੰਡਵਣੇ ਸਥਿਤ ਕਲਮਾਡੀ ਹਾਊਸ ਵਿੱਚ ਅੰਤਿਮ ਦਰਸ਼ਨ ਲਈ ਰੱਖਿਆ ਜਾਵੇਗਾ। ਅੰਤਿਮ ਸੰਸਕਾਰ ਦੁਪਹਿਰ 3:30 ਵਜੇ ਪੁਣੇ ਦੇ ਨਵੀ ਪੇਠ ਸਥਿਤ ਵੈਕੁੰਠ ਸ਼ਮਸ਼ਾਨ ਭੂਮੀ ਵਿੱਚ ਕੀਤਾ ਜਾਵੇਗਾ।
ਕਾਮਨਵੈਲਥ ਗੇਮਜ਼ ਨਾਲ ਜੁੜਿਆ ਰਿਹਾ ਨਾਮ
ਸੁਰੇਸ਼ ਕਲਮਾਡੀ ਦਾ ਨਾਮ ਮੁੱਖ ਤੌਰ ‘ਤੇ 2010 ਦੇ ਕਾਮਨਵੈਲਥ ਗੇਮਜ਼ ਦੇ ਆਯੋਜਨ ਨਾਲ ਜੁੜਿਆ ਰਿਹਾ। ਉਨ੍ਹਾਂ ‘ਤੇ ਆਯੋਜਨਾਂ ਦੇ ਪ੍ਰਬੰਧਨ ਅਤੇ ਠੇਕਿਆਂ ਦੀ ਵੰਡ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਇਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ। ਨਾਲ ਹੀ, ਉਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਰਾਜਨੀਤੀ ਵਿੱਚ ਸਰਗਰਮ ਨਹੀਂ ਸਨ ਸੁਰੇਸ਼ ਕਲਮਾਡੀ
ਕਾਂਗਰਸ ਨੇਤਾ ਸੁਰੇਸ਼ ਕਲਮਾਡੀ ਦਾ ਰਾਜਨੀਤਿਕ ਸਫ਼ਰ ਕਾਫ਼ੀ ਲੰਮਾ ਅਤੇ ਕਾਮਯਾਬ ਰਿਹਾ। ਹਾਲਾਂਕਿ ਮੌਜੂਦਾ ਸਮੇਂ ਵਿੱਚ ਉਹ ਸਿਆਸਤ ਵਿੱਚ ਸਰਗਰਮ ਨਹੀਂ ਸਨ। ਰਾਜਨੀਤੀ ਤੋਂ ਇਲਾਵਾ ਸੁਰੇਸ਼ ਕਲਮਾਡੀ ਖੇਡ ਪ੍ਰਸ਼ਾਸਕ ਵਜੋਂ ਵੀ ਕਾਫ਼ੀ ਸਰਗਰਮ ਰਹੇ। ਉਹ ਲੰਮੇ ਸਮੇਂ ਤੱਕ ਭਾਰਤੀ ਓਲੰਪਿਕ ਸੰਘ (IOA) ਦੇ ਪ੍ਰਧਾਨ ਰਹੇ।
ਸੁਰੇਸ਼ ਕਲਮਾਡੀ ਦਾ ਜਨਮ 1 ਮਈ 1944 ਨੂੰ ਹੋਇਆ ਸੀ। ਉਨ੍ਹਾਂ ਦਾ ਵਿਆਹ ਐੱਸ ਮੀਰਾ ਕਲਮਾਡੀ ਨਾਲ ਹੋਇਆ। ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਸਾਲ 1982 ਵਿੱਚ ਸੁਰੇਸ਼ ਕਲਮਾਡੀ ਰਾਜ ਸਭਾ ਦੇ ਮੈਂਬਰ ਬਣੇ। 1995 ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ ਪੁਣੇ ਲੋਕ ਸਭਾ ਹਲਕੇ ਤੋਂ ਕਈ ਵਾਰ ਸੰਸਦ ਮੈਂਬਰ ਰਹੇ। ਸੁਰੇਸ਼ ਕਲਮਾਡੀ ਭਾਰਤੀ ਵਾਯੁ ਸੈਨਾ ਦੇ ਸਾਬਕਾ ਪਾਇਲਟ ਸਨ ਅਤੇ ਬਾਅਦ ਵਿੱਚ ਰਾਜਨੀਤੀ ਵਿੱਚ ਸਰਗਰਮ ਹੋ ਗਏ।






















