Tariff War: ਆਖਰ ਟੁੱਟ ਗਈ ਮੋਦੀ ਤੇ ਟਰੰਪ ਦੀ ਦੋਸਤੀ! ਅਮਰੀਕਾ ਦੀਆਂ ਧਮਕੀਆਂ ਮਗਰੋਂ ਪਹਿਲੀ ਵਾਰ ਭਾਰਤ ਦਾ ਤਿੱਖਾ ਜਵਾਬ
ਭਾਰਤ ਨੇ ਕਿਹਾ ਕਿ ਯੂਕਰੇਨ ਸੰਘਰਸ਼ ਤੋਂ ਬਾਅਦ ਅਮਰੀਕਾ ਨੇ ਵਿਸ਼ਵਵਿਆਪੀ ਊਰਜਾ ਬਾਜ਼ਾਰ ਦੀ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਉਤਸ਼ਾਹਿਤ ਕੀਤਾ। ਭਾਰਤ ਦੇ ਆਯਾਤ ਦਾ ਉਦੇਸ਼ ਭਾਰਤੀ ਖਪਤਕਾਰਾਂ ਨੂੰ ਕਫਾਇਤੀ...

Tariff War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਤੋੜ ਦਿੱਤੀ ਹੈ। ਟਰੰਪ ਹੁਣ ਭਾਰਤ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ 'ਤੇ ਉੱਤਰ ਆਇਆ ਹੈ। ਪਿਛਲੇ ਹਫਤੇ 25 ਫੀਸਦੀ ਟੈਰਿਫ ਲਾਉਣ ਤੋਂ ਬਾਅਦ ਟਰੰਪ ਨੇ ਸੋਮਵਾਰ ਨੂੰ ਭਾਰਤ 'ਤੇ 'ਹੋਰ ਟੈਰਿਫ' ਲਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਭਾਰਤ ਉਪਰ ਗੰਭੀਰ ਇਲਜ਼ਾਮ ਵੀ ਲਾਏ ਹਨ। ਇਸ ਤੋਂ ਬਾਅਦ ਭਾਰਤ ਨੇ ਵੀ ਪਹਿਲੀ ਵਾਰ ਅਮਰੀਕਾ ਦਾ ਨਾਮ ਲੈਂਦਿਆਂ ਖੁੱਲ੍ਹ ਕੇ ਜਵਾਬ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਅਮਰੀਕਾ ਜਾਂ ਟਰੰਪ ਬਾਰੇ ਕੁਝ ਵੀ ਕਹਿਣ ਤੋਂ ਸੰਕੋਚ ਕਰ ਰਹੀ ਸੀ।
ਦਰਅਸਲ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਭਾਰਤ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਯੂਕਰੇਨ ਵਿੱਚ ਰੂਸ ਦੇ ਹਮਲੇ ਵਿੱਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਭਾਰਤ ਲਗਾਤਾਰ ਰੂਸ ਤੋਂ ਤੇਲ ਖਰੀਦ ਰਿਹਾ ਤੇ ਇਸ ਨੂੰ ਵੇਚ ਕੇ ਮੁਨਾਫਾ ਕਮਾ ਰਿਹਾ ਹੈ। ਇਸ ਲਈ ਮੈਂ ਭਾਰਤ 'ਤੇ ਹੋਰ ਟੈਰਿਫ ਵਧਾਉਣ ਜਾ ਰਿਹਾ ਹਾਂ।
ਇਸ ਦੇ ਜਵਾਬ ਵਿੱਚ ਭਾਰਤ ਨੇ ਰੂਸ ਤੋਂ ਅਮਰੀਕਾ ਤੇ ਯੂਰਪੀਅਨ ਯੂਨੀਅਨ (ਈਯੂ) ਨੂੰ ਹੋਣ ਵਾਲੇ ਨਿਰਯਾਤ ਦਾ ਡੇਟਾ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਨੇ ਆਪਣੇ ਪ੍ਰਮਾਣੂ ਉਦਯੋਗ ਲਈ ਰੂਸ ਤੋਂ ਯੂਰੇਨੀਅਮ ਹੈਕਸਾਫਲੋਰਾਈਡ, ਈਵੀ ਉਦਯੋਗ ਲਈ ਪੈਲੇਡੀਅਮ, ਖਾਦਾਂ ਤੇ ਰਸਾਇਣਾਂ ਦੀ ਦਰਾਮਦ ਜਾਰੀ ਰੱਖੀ ਹੋਈ ਹੈ। ਯੂਰਪੀਅਨ ਯੂਨੀਅਨ ਦਾ ਵੀ ਇਹੀ ਹਾਲ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਉਣਾ ਅਨੁਚਿਤ ਤੇ ਤਰਕਹੀਣ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਅਸੀਂ ਆਪਣੇ ਰਾਸ਼ਟਰੀ ਹਿੱਤਾਂ ਲਈ ਹਰ ਜ਼ਰੂਰੀ ਕਦਮ ਚੁੱਕਾਂਗੇ।
ਭਾਰਤ ਨੇ ਕਿਹਾ ਕਿ ਯੂਕਰੇਨ ਸੰਘਰਸ਼ ਤੋਂ ਬਾਅਦ ਅਮਰੀਕਾ ਨੇ ਵਿਸ਼ਵਵਿਆਪੀ ਊਰਜਾ ਬਾਜ਼ਾਰ ਦੀ ਸਥਿਰਤਾ ਨੂੰ ਮਜ਼ਬੂਤ ਕਰਨ ਲਈ ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਉਤਸ਼ਾਹਿਤ ਕੀਤਾ। ਭਾਰਤ ਦੇ ਆਯਾਤ ਦਾ ਉਦੇਸ਼ ਭਾਰਤੀ ਖਪਤਕਾਰਾਂ ਨੂੰ ਕਫਾਇਤੀ ਊਰਜਾ ਪ੍ਰਦਾਨ ਕਰਨਾ ਹੈ। ਹੁਣ ਜੋ ਦੇਸ਼ ਭਾਰਤ ਦੀ ਆਲੋਚਨਾ ਕਰ ਰਹੇ ਹਨ, ਉਹ ਖੁਦ ਰੂਸ ਨਾਲ ਵਪਾਰ ਵਿੱਚ ਅਜਿਹਾ ਕਰ ਰਹੇ ਹਨ। 2024 ਵਿੱਚ ਯੂਰਪੀ ਸੰਘ ਦਾ ਰੂਸ ਨਾਲ ਸਾਮਾਨ ਵਿੱਚ ਦੁਵੱਲਾ ਵਪਾਰ 67.5 ਬਿਲੀਅਨ ਯੂਰੋ ਸੀ। ਇਹ ਭਾਰਤ ਦੇ ਰੂਸ ਨਾਲ ਕੁੱਲ ਵਪਾਰ ਨਾਲੋਂ ਕਿਤੇ ਵੱਧ ਹੈ।
ਭਾਰਤ ਨੇ ਅੱਗੇ ਕਿਹਾ ਹੈ ਕਿ ਯੂਰਪ-ਰੂਸ ਵਪਾਰ ਵਿੱਚ ਨਾ ਸਿਰਫ਼ ਊਰਜਾ ਸ਼ਾਮਲ ਹੈ, ਸਗੋਂ ਖਾਦ, ਖਣਨ ਉਤਪਾਦ, ਰਸਾਇਣ, ਲੋਹਾ ਤੇ ਸਟੀਲ, ਮਸ਼ੀਨਰੀ ਤੇ ਆਵਾਜਾਈ ਉਪਕਰਣ ਵੀ ਸ਼ਾਮਲ ਹਨ। ਜਿੱਥੋਂ ਤੱਕ ਅਮਰੀਕਾ ਦਾ ਸਵਾਲ ਹੈ, ਉਹ ਖੁਦ ਰੂਸ ਤੋਂ ਆਪਣੇ ਪ੍ਰਮਾਣੂ ਉਦਯੋਗ ਲਈ ਯੂਰੇਨੀਅਮ ਹੈਕਸਾਫਲੋਰਾਈਡ, ਆਪਣੇ ਇਲੈਕਟ੍ਰਿਕ ਵਾਹਨ ਉਦਯੋਗ ਲਈ ਪੈਲੇਡੀਅਮ, ਖਾਦ ਤੇ ਰਸਾਇਣ ਆਯਾਤ ਕਰ ਰਿਹਾ ਹੈ। ਇਸ ਲਈ ਇਸ ਸਬੰਧ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਭਾਰਤ ਆਪਣੇ ਰਾਸ਼ਟਰੀ ਹਿੱਤਾਂ ਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇੱਕ ਪ੍ਰੋਗਰਾਮ ਵਿੱਚ ਇਹ ਵੀ ਕਿਹਾ ਕਿ ਹੁਣ ਕੋਈ ਵੀ ਇੱਕ ਧਿਰ ਵਿਸ਼ਵ ਪ੍ਰਣਾਲੀ 'ਤੇ ਹਾਵੀ ਨਹੀਂ ਹੋਵੇਗੀ।
ਇਹ ਮਾਮਲਾ ਉਦੋਂ ਗਰਮਾਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਹੋਰ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਰਿਹਾ ਹੈ ਤੇ ਇਸ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਲਾਭਦਾਇਕ ਢੰਗ ਨਾਲ ਵੇਚ ਰਿਹਾ ਹੈ। ਟਰੰਪ ਨੇ ਕਿਹਾ ਕਿ ਭਾਰਤ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਇਸ ਕਾਰਨ ਕਰਕੇ ਮੈਂ ਭਾਰਤ 'ਤੇ ਲਾਏ ਗਏ ਟੈਰਿਫ ਨੂੰ ਹੋਰ ਵਧਾਵਾਂਗਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਭਾਰਤ ਰੂਸ ਤੋਂ ਲੰਬੇ ਸਮੇਂ ਤੱਕ ਤੇਲ ਨਹੀਂ ਖਰੀਦੇਗਾ।






















