(Source: ECI/ABP News/ABP Majha)
India vs Bharat: ਸੌਖਾ ਨਹੀਂ ਦੇਸ਼ ਦਾ ਨਾਂ ਬਦਲਣਾ! 14 ਹਜ਼ਾਰ ਕਰੋੜ ਰੁਪਏ ਆਏਗਾ ਖ਼ਰਚਾ
ਮੋਦੀ ਸਰਕਾਰ ਦੇ ਅਧੀਨ ਧੜਾਧੜ ਸ਼ਹਿਰਾਂ ਦੇ ਨਾਮ ਬਦਲਣ ਦੇ ਰੁਝਾਨ ਕਾਰਨ ਸੋਸ਼ਲ ਮੀਡੀਆ 'ਤੇ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਕੀ ਹੁਣ ਦੇਸ਼ ਦਾ ਨਾਂ ਇੰਡੀਆ ਦੀ ਥਾਂ ਭਾਰਤ ਕਰ ਦਿੱਤਾ ਜਾਏਗਾ।
India vs Bharat: ਹੁਣ ਦੇਸ਼ ਵਿੱਚ ਭਾਰਤ ਤੇ ਇੰਡੀਆ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਮੌਜੂਦਾ ਮੋਦੀ ਸਰਕਾਰ ਦੇ ਅਧੀਨ ਧੜਾਧੜ ਸ਼ਹਿਰਾਂ ਦੇ ਨਾਮ ਬਦਲਣ ਦੇ ਰੁਝਾਨ ਕਾਰਨ ਸੋਸ਼ਲ ਮੀਡੀਆ 'ਤੇ ਇਹ ਚਰਚਾ ਜ਼ੋਰ ਫੜ ਗਈ ਹੈ ਕਿ ਕੀ ਹੁਣ ਦੇਸ਼ ਦਾ ਨਾਂ ਇੰਡੀਆ ਦੀ ਥਾਂ ਭਾਰਤ ਕਰ ਦਿੱਤਾ ਜਾਏਗਾ।
ਅਸਲ ਵਿੱਚ, ਮੌਜੂਦਾ ਸਮੇਂ ਵਿੱਚ ਦੋਵੇਂ ਨਾਮ ਅਧਿਕਾਰਤ ਤੌਰ 'ਤੇ ਵਰਤੇ ਜਾਂਦੇ ਹਨ। ਅੰਗਰੇਜ਼ੀ ਵਿੱਚ ਇੰਡੀਆ ਤੇ ਹਿੰਦੀ ਵਿੱਚ ਭਾਰਤ। ਪਰ ਜੇਕਰ ਕੇਂਦਰ ਸਰਕਾਰ ਦੇਸ਼ ਦਾ ਇੱਕੋ ਨਾਮ 'ਭਾਰਤ' ਹੀ ਐਲਾਨ ਦਿੰਦੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ 'ਤੇ ਕਿੰਨਾ ਖਰਚਾ ਆਵੇਗਾ। ਇਸ ਤੋਂ ਪਹਿਲਾਂ ਇਹ ਜਾਣ ਲਓ ਕਿ ਜੇਕਰ ਕਿਸੇ ਸ਼ਹਿਰ ਜਾਂ ਸੂਬੇ ਦਾ ਨਾਂ ਬਦਲਿਆ ਜਾਵੇ ਤਾਂ ਕਿੰਨਾ ਪੈਸਾ ਖਰਚ ਹੁੰਦਾ ਹੈ।
ਸ਼ਹਿਰ ਜਾਂ ਰਾਜ ਦਾ ਨਾਂ ਬਦਲਣ ਲਈ ਕਿੰਨਾ ਖਰਚਾ ਆਉਂਦਾ
ਹਾਲ ਹੀ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲੇ ਗਏ ਹਨ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦਾ ਨਾਂ ਸਭ ਤੋਂ ਉੱਪਰ ਰਿਹਾ। ਇੱਥੋਂ ਦੀ ਯੋਗੀ ਸਰਕਾਰ ਨੇ ਕਈ ਸ਼ਹਿਰਾਂ ਦੇ ਨਾਂ ਬਦਲ ਦਿੱਤੇ ਹਨ। ਹਾਲਾਂਕਿ ਸਭ ਤੋਂ ਜ਼ਿਆਦਾ ਚਰਚਾ ਇਲਾਹਾਬਾਦ ਦਾ ਨਾਂ ਪ੍ਰਯਾਗਰਾਜ ਕਰਨਾ ਸੀ। ਹੁਣ ਜੇਕਰ ਕਿਸੇ ਸ਼ਹਿਰ ਦਾ ਨਾਂ ਬਦਲਣ 'ਤੇ ਹੋਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ ਇਹ ਲਗਪਗ 200 ਤੋਂ 500 ਕਰੋੜ ਰੁਪਏ ਦੇ ਵਿਚਕਾਰ ਹੈ। ਜੇਕਰ ਕਿਸੇ ਸੂਬੇ ਦਾ ਨਾਂ ਬਦਲਣ 'ਤੇ ਹੋਣ ਵਾਲੇ ਖਰਚ ਦੀ ਗੱਲ ਕਰੀਏ ਤਾਂ ਇਹ 500 ਕਰੋੜ ਰੁਪਏ ਤੋਂ ਵੱਧ ਹੈ।
ਦੇਸ਼ ਦਾ ਨਾਂ ਬਦਲਣ ਲਈ ਕਿੰਨਾ ਪੈਸਾ ਲੱਗੇਗਾ?
ਸਪੱਸ਼ਟ ਹੈ ਕਿ ਜਦੋਂ ਕਿਸੇ ਸ਼ਹਿਰ ਜਾਂ ਸੂਬੇ ਦਾ ਨਾਂ ਬਦਲਣ 'ਤੇ ਕਈ ਸੌ ਕਰੋੜ ਰੁਪਏ ਖਰਚ ਹੋ ਸਕਦੇ ਹਨ, ਤਾਂ ਕਿਸੇ ਦੇਸ਼ ਦਾ ਨਾਂ ਬਦਲਣ 'ਤੇ ਉਸ ਤੋਂ ਕਿਤੇ ਜ਼ਿਆਦਾ ਖਰਚਾ ਆਵੇਗਾ। ਆਉਟਲੁੱਕ ਨੇ ਇਸ 'ਤੇ ਇਕ ਰਿਸਰਚ ਸਟੋਰੀ ਕੀਤੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2018 ਵਿੱਚ ਸਵਾਜ਼ੀਲੈਂਡ ਨਾਮ ਦੇ ਇੱਕ ਅਫਰੀਕੀ ਦੇਸ਼ ਨੇ ਆਪਣਾ ਨਾਮ ਬਦਲ ਕੇ ਈਸਵਤੀਨੀ ਰੱਖ ਲਿਆ ਸੀ। ਉਸ ਸਮੇਂ ਇਸ ਛੋਟੇ ਜਿਹੇ ਦੇਸ਼ ਦਾ ਨਾਂ ਬਦਲਣ 'ਤੇ ਲਗਪਗ 60 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ। ਇਸ ਮਾਡਲ ਦੇ ਆਧਾਰ 'ਤੇ ਇਹ ਅੰਕੜਾ ਗਿਣਿਆ ਗਿਆ ਹੈ, ਜੇਕਰ ਸਾਡੇ ਦੇਸ਼ ਦਾ ਨਾਂ ਬਦਲਿਆ ਜਾਵੇ ਤਾਂ ਲਗਪਗ 14 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ।