World Health Organization : ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਨੇ ਭਾਰਤ ਦੀ ਸ਼ਲਾਘਾ ਕਰਦੇ ਕਿਹਾ ਭਾਰਤ ਰਵਾਇਤੀ ਦਵਾਈਆਂ ਦਾ ਕੇਂਦਰ
traditional medicine ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਡਾ: ਟੇਡਰੋਸ ਐਡਹਾਨੋਮ ਘੇਬਰੇਯਸਸ ਨੇ ਕਿਹਾ ਕਿ ਰਵਾਇਤੀ ਦਵਾਈ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਭਾਰਤ ਇਸ ਦਾ ਕੇਂਦਰ ਰਿਹਾ ...
ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਡਾ: ਟੇਡਰੋਸ ਐਡਹਾਨੋਮ ਘੇਬਰੇਯਸਸ ਨੇ ਕਿਹਾ ਕਿ ਰਵਾਇਤੀ ਦਵਾਈ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਭਾਰਤ ਇਸ ਦਾ ਕੇਂਦਰ ਰਿਹਾ ਹੈ। ਇਸ ਥੈਰੇਪੀ ਦਾ ਲਾਭ ਲਗਭਗ 3500 ਸਾਲਾਂ ਤੋਂ ਲਿਆ ਜਾ ਰਿਹਾ ਹੈ। ਅੱਜ ਵੀ, ਲਗਭਗ 40 ਪ੍ਰਤੀਸ਼ਤ ਦਵਾਈਆਂ ਅਤੇ ਫਾਰਮਾਸਿਊਟੀਕਲ ਉਤਪਾਦ ਕੁਦਰਤੀ ਉਤਪਾਦਾਂ 'ਤੇ ਅਧਾਰਤ ਹਨ। ਦੂਜੇ ਦੇਸ਼ਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਗੁਜਰਾਤ ਦੇ ਗਾਂਧੀਨਗਰ 'ਚ ਬੀਤੇ ਵੀਰਵਾਰ ਨੂੰ ਸ਼ੁਰੂ ਹੋਏ ਪਾਰੰਪਰਿਕ ਦਵਾਈ 'ਤੇ ਪਹਿਲੇ ਗਲੋਬਲ ਸ਼ਿਖਰ 'ਚ ਡਾ: ਟੇਡਰੋਸ ਨੇ ਕਿਹਾ ਕਿ ਭਾਰਤ ਨੇ ਆਯੁਰਵੇਦ, ਯੂਨਾਨੀ ਅਤੇ ਹੋਮਿਓਪੈਥੀ ਦਵਾਈ ਦੀ ਤਾਕਤ ਵਧਾਉਣ ਲਈ ਬਹੁਤ ਵਧੀਆ ਕੰਮ ਕੀਤਾ ਹੈ। ਇਨ੍ਹਾਂ ਕੰਮਾਂ ਨੂੰ ਅਪਣਾ ਕੇ ਦੂਜੇ ਦੇਸ਼ਾਂ ਨੂੰ ਵੀ ਰਵਾਇਤੀ ਦਵਾਈਆਂ ਨੂੰ ਅੱਗੇ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਭਾਰਤ ਸਣੇ ਉਨ੍ਹਾਂ ਦੇਸ਼ਾਂ ਤੋਂ ਸਬੂਤ ਆਧਾਰਿਤ ਕੰਮ ਲਈ ਸੁਝਾਅ ਮੰਗੇ ਹਨ, ਜਿੱਥੇ ਰਵਾਇਤੀ ਦਵਾਈਆਂ 'ਤੇ ਵੱਧ ਤੋਂ ਵੱਧ ਕੰਮ ਕੀਤਾ ਜਾ ਰਿਹਾ ਹੈ। ਬਾਅਦ ਵਿੱਚ ਵਿਸ਼ਵ ਸਿਹਤ ਸੰਗਠਨ ਇਹਨਾਂ ਸੁਝਾਵਾਂ ਨੂੰ ਗਲੋਬਲ ਰਣਨੀਤੀ ਵਿੱਚ ਸ਼ਾਮਿਲ ਕਰ ਸਕਦਾ ਹੈ। ।
ਕੇਂਦਰੀ ਆਯੂਸ਼ ਮੰਤਰਾਲਾ ਇਸ ਕਾਨਫਰੰਸ ਦੀ ਸਹਿ-ਮੇਜ਼ਬਾਨੀ ਕਰ ਰਿਹਾ ਹੈ। ਰਵਾਇਤੀ ਦਵਾਈਆਂ ਵਿੱਚ ਐਕਯੂਪੰਕਚਰ, ਹਰਬਲ ਦਵਾਈਆਂ, ਦੇਸੀ ਪਰੰਪਰਾਗਤ ਦਵਾਈ, ਹੋਮਿਓਪੈਥੀ, ਆਯੁਰਵੈਦ, ਯੂਨਾਨੀ, ਨੈਚਰੋਪੈਥੀ ਸ਼ਾਮਿਲ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਰਵਾਇਤੀ ਦਵਾਈ ਦੁਆਰਾ ਐਸਪਰੀਨ ਅਤੇ ਆਰਟੀਮੀਸਿਨਿਨ ਵਰਗੀਆਂ ਦਵਾਈਆਂ ਦੀ ਖੋਜ ਕੀਤੀ ਗਈ ਹੈ।
ਡਾ: ਟੇਡਰੋਸ ਨੇ ਕਿਹਾ ਕਿ ਭਾਰਤ ਨੇ ਏਕੀਕ੍ਰਿਤ ਦਵਾਈ ਦੇ ਸਬੰਧ ਵਿੱਚ ਆਪਣੇ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਇੱਕ ਬਹੁਤ ਵਧੀਆ ਮਾਡਲ ਤਿਆਰ ਕੀਤਾ ਹੈ, ਜਿਸ ਨੂੰ ਵਿਕਸਤ ਅਤੇ ਵਿਕਾਸਸ਼ੀਲ ਦੇਸ਼ ਵੀ ਅਪਣਾ ਸਕਦੇ ਹਨ। ਇਹ ਇੱਕ ਅਜਿਹਾ ਮਾਡਲ ਹੈ ਜਿਸ ਰਾਹੀਂ ਮੈਂਬਰ ਦੇਸ਼ ਆਪਣੀ ਆਬਾਦੀ ਨੂੰ ਇੱਕੋ ਛੱਤ ਹੇਠ ਐਲੋਪੈਥੀ ਅਤੇ ਰਵਾਇਤੀ ਦਵਾਈਆਂ ਦੀਆਂ ਸਹੂਲਤਾਂ ਪ੍ਰਦਾਨ ਕਰ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਅੱਜ ਵੀ ਦੁਨੀਆ ਦੇ 170 ਦੇਸ਼ ਰਵਾਇਤੀ ਦਵਾਈਆਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦਾ ਲਾਭ ਲਗਭਗ 80 ਫੀਸਦੀ ਆਬਾਦੀ ਕਿਸੇ ਨਾ ਕਿਸੇ ਰੂਪ ਵਿੱਚ ਲੈ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਇਹ ਤਰੀਕੇ ਕਾਰਗਰ ਹਨ ਅਤੇ ਭਾਰਤ ਵਿੱਚ ਵੀ ਇਨ੍ਹਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ।, ਡਾ. ਟੇਡਰੋਸ ਨੇ ਕਿਹਾ ਮੈਂ ਟੀਬੀ ਦੀ ਲਾਗ ਵਿਰੁੱਧ ਭਾਰਤ ਦੀ ਲੜਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੀਤੇ ਗਏ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਟੀਬੀ ਮੁਕਤ, ਬਹੁ-ਖੇਤਰੀ ਭਾਈਵਾਲੀ ਯਤਨਾਂ ਅਤੇ ਫੰਡਿੰਗ ਲਈ ਭਾਰਤ ਦੀ ਨਵੀਨਤਾਕਾਰੀ ਪਹੁੰਚ ਸ਼ਲਾਘਾਯੋਗ ਹੈ। ਇਸ ਨੇ ਦੂਜੇ ਦੇਸ਼ਾਂ ਨੂੰ ਵੀ ਪ੍ਰੇਰਿਤ ਕੀਤਾ ਹੈ।